ਪੁਲਿਸ ਨੂੰ ਸੂਚਨਾ ਦੇਣ ਦੇ ਸ਼ੱਕ ਕਾਰਨ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ
ਪੁਲਿਸ ਨੂੰ ਸੂਚਨਾ ਦੇਣ ਦੇ ਸ਼ੱਕ ਦੇ ਚੱਲਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ
Publish Date: Sat, 14 Mar 2026 08:12 PM (IST)
Updated Date: Sun, 15 Mar 2026 04:16 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ’ਚ ਨਸ਼ਾ ਤਸਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ, ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਉਹ ਪੁਲਿਸ ਨੂੰ ਜਾਣਕਾਰੀ ਦੇਣ ਦੇ ਸਿਰਫ਼ ਸ਼ੱਕ ਦੇ ਆਧਾਰ ’ਤੇ ਵੀ ਲੋਕਾਂ ਨੂੰ ਸ਼ਰੇਆਮ ਨਿਸ਼ਾਨਾ ਬਣਾਉਣ ਤੋਂ ਨਹੀਂ ਘਬਰਾਉਂਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕੁਝ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਪੀੜਤ ਵਿਕਾਸ ਕੁਮਾਰ ਵਾਸੀ ਰਿਸ਼ੀ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਫ਼ਰਵਰੀ ਦੀ ਸ਼ਾਮ ਕਰੀਬ 7 ਵਜੇ ਉਹ ਆਪਣੇ ਕੰਮ ਵਾਲੀ ਜਗ੍ਹਾ ’ਤੇ ਬੈਠਾ ਹੋਇਆ ਸੀ। ਇਸ ਦੌਰਾਨ ਦੀਪਕ, ਪ੍ਰਿੰਸ, ਰਵੀ ਤੇ ਸੁੱਖੀ ਆਪਣੇ 4-5 ਅਣਪਛਾਤੇ ਸਾਥੀਆਂ ਸਮੇਤ ਉੱਥੇ ਆ ਪਹੁੰਚੇ। ਦੋਸ਼ ਹੈ ਕਿ ਸਾਰੇ ਮੁਲਜ਼ਮਾਂ ਨੇ ਮਿਲ ਕੇ ਪਹਿਲਾਂ ਉਸ ਨੂੰ ਘੇਰ ਲਿਆ ਤੇ ਫਿਰ ਬਿਨ੍ਹਾਂ ਕਿਸੇ ਕਾਰਨ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਮੁਤਾਬਕ ਮੁਲਜ਼ਮਾਂ ਨਾਲ ਉਸ ਦੀ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ ਤੇ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਇਹ ਸ਼ੱਕ ਸੀ ਕਿ ਉਹ ਨਸ਼ੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੰਦਾ ਹੈ। ਇਸੇ ਸ਼ੱਕ ਦੇ ਆਧਾਰ ’ਤੇ ਮੁਲਜ਼ਮਾਂ ਨੇ ਉਸ ਨੂੰ ਡਰਾਉਣ ਤੇ ਧਮਕਾਉਣ ਲਈ ਸੋਚੀ-ਸਮਝੀ ਯੋਜਨਾ ਤਹਿਤ ਉਸ ’ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਪੀਏਯੂ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ’ਤੇ ਦੀਪਕ ਕੁਮਾਰ, ਪ੍ਰਿੰਸ, ਰਵੀ ਨੇਪਾਲੀ ਤੇ ਸੁੱਖੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇਨਵੈਸਟੀਗੇਟਿੰਗ ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਪੁਲਿਸ ਵੱਲੋਂ ਉਨ੍ਹਾਂ ਦੀ ਤਲਾਸ਼ ਜਾਰੀ।