ਡਿਵਾਈਡਰ ਪਾਰ ਕਰਕੇ ਤੇਜ਼ ਰਫਤਾਰ ਟਰੱਕ ਨਾਲ ਟਕਰਾਇਆ ਮੋਟਰਸਾਈਕਲ ਸਵਾਰ ਨੌਜਵਾਨ , ਮੌਤ
ਡਿਵਾਈਡਰ ਪਾਰ ਕਰਕੇ ਤੇਜ਼ ਰਫਤਾਰ ਟਰੱਕ ਨਾਲ ਟਕਰਾਇਆ ਮੋਟਰਸਾਈਕਲ ਸਵਾਰ ਨੌਜਵਾਨ , ਮੌਤ
Publish Date: Sat, 03 Jan 2026 07:19 PM (IST)
Updated Date: Sat, 03 Jan 2026 07:20 PM (IST)

-ਅਣਪਛਾਤੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਮਲੇਰਕੋਟਲਾ ਰੋਡ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ 26 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਇਸ ਕਦਰ ਭਿਆਨਕ ਸੀ ਕਿ ਤੇਜ਼ ਰਫਤਾਰ ਟਰੱਕ ਦੇ ਨਾਲ ਟਕਰਾਉਣ ਤੋਂ ਬਾਅਦ ਲੜਕੇ ਦਾ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਨੌਜਵਾਨ ਸਿਮਰਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਵਾਲੇ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਲੇਰਕੋਟਲਾ ਦੇ ਰਹਿਣ ਵਾਲੇ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਚਾਚੇ ਸੁਰਜੀਤ ਸਿੰਘ ਦੇ ਬੇਟੇ ਸਿਮਰਜੀਤ ਸਿੰਘ ਨਾਲ ਲੁਧਿਆਣਾ ਤੋਂ ਆਪਣੇ ਪਿੰਡ ਮਲੇਰਕੋਟਲਾ ਸਥਿਤ ਮਤੋਈ ਜਾ ਰਹੇ ਸਨ। ਦੋਵੇਂ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਸਨ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਤੋਂ ਪਿੱਛੇ ਚੱਲ ਰਿਹਾ ਸੀ ਇਸੇ ਦੌਰਾਨ ਜਿਵੇਂ ਹੀ ਉਹ ਪਿੰਡ ਲਹਿਰਾ ਦੇ ਕੱਟ ਦੇ ਲਾਗੇ ਪਹੁੰਚੇ, ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਇਕਦਮ ਕੱਟ ਮਾਰ ਦਿੱਤਾ। ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸਵਾਰ ਸਿਮਰਜੀਤ ਡਿਵਾਈਡਰ ਤੋਂ ਦੂਸਰੇ ਪਾਸੇ ਚਲਾ ਗਿਆ। ਇਸੇ ਦੌਰਾਨ ਮਲੇਰਕੋਟਲਾ ਵਾਲੇ ਪਾਸਿਓਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬੁਰੀ ਤਰ੍ਹਾਂ ਫਟੜ ਹੋਏ ਸਿਮਰਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।