ਐਕਸੀਡੈਂਟ ਕਰਨ ਵਾਲੀ ਕਾਰ ਲੱਭਣ ਗਏ ਨੌਜਵਾਨ ’ਤੇ ਕੀਤਾ ਹਮਲਾ
ਐਕਸੀਡੈਂਟ ਕਰਨ ਵਾਲੀ ਕਾਰ ਲੱਭਣ ਗਏ ਨੌਜਵਾਨ ਉਪਰ ਕੀਤਾ ਹਮਲਾ
Publish Date: Tue, 03 Mar 2026 09:19 PM (IST)
Updated Date: Wed, 04 Mar 2026 04:15 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਇਕ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਲੱਭਣ ਗਏ ਨੌਜਵਾਨ ਤੇ ਉਸ ਦੇ ਦੋਸਤ ਉੱਪਰ ਕਾਰ ਮਾਲਕ ਨੇ ਦੋਸਤਾਂ ਸਮੇਤ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ-4 ਦੀ ਪੁਲਿਸ ਨੇ ਨਿਊ ਹਰਗੋਬਿੰਦ ਨਗਰ ਈਸਾ ਨਗਰ ਵਾਸੀ ਸੁਰੇਸ਼ ਗਰਗ ਦੇ ਬਿਆਨ ਉੱਪਰ ਅਦਿਤਿਆ ਬੰਗਣ, ਰਿਸ਼ੀ ਸੋਨੀ, ਗੌਤਮ ਲੋਟ, ਆਕਾਸ਼ ਕੋਹਲੀ, ਕੋਹਲੀ ਰਾਣਾ, ਅਕਸ਼ੈ ਤੇ ਉਨਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਰੇਸ਼ ਗਰਗ ਮੁਤਾਬਕ ਉਸ ਦੇ ਦੋਸਤ ਤਰਨਦੀਪ ਸਿੰਘ ਦੇ ਪਿਤਾ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਕਾਰ ਚਾਲਕ ਦੀ ਭਾਲ ਲਈ ਉਹ ਨੰਬਰ ਦੇ ਆਧਾਰ ’ਤੇ ਪਤਾ ਕਰਦੇ-ਕਰਦੇ ਉਕਤ ਕਾਰ ਮਾਲਕ ਦੇ ਮੁਹੱਲੇ ਤੱਕ ਪਹੁੰਚ ਗਏ। ਜਦੋਂ ਉਹ ਘਾਟੀ ਮੁਹੱਲਾ ਇਲਾਕੇ ’ਚ ਉਕਤ ਨੰਬਰ ਦੀ ਕਾਰ ਕੋਲ ਖੜ੍ਹੇ ਸਨ ਤਾਂ ਇਸ ਕਾਰ ਦਾ ਮਾਲਕ ਅਦਿਤਿਆ ਬੰਘਣ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਮੁਦਈ ਅਤੇ ਦੋਸਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਚਲੇ ਗਏ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਕਿਰਨ ਕੁਮਾਰ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮਾਂ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।