ਸੋਸ਼ਲ ਮੀਡੀਆ ’ਤੇ ਹੋਏ ਵਿਵਾਦ ਮਗਰੋਂ ਨੌਜਵਾਨ ਉੱਪਰ ਕੀਤਾ ਹਮਲਾ
ਸੋਸ਼ਲ ਮੀਡੀਆ ਤੇ ਹੋਏ ਵਿਵਾਦ ਮਗਰੋਂ ਨੌਜਵਾਨ ਉੱਪਰ ਕੀਤਾ ਹਮਲਾ
Publish Date: Tue, 03 Mar 2026 08:09 PM (IST)
Updated Date: Wed, 04 Mar 2026 04:14 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸੋਸ਼ਲ ਮੀਡੀਆ ਰਾਹੀਂ ਪੈਦਾ ਹੋਈ ਰੰਜਿਸ਼ ਕਾਰਨ ਸਥਾਨਕ ਮਹਾਰਾਣਾ ਪ੍ਰਤਾਪ ਨਗਰ ਟਿੱਬਾ ਰੋਡ ਦੇ ਰਹਿਣ ਵਾਲੇ ਨੌਜਵਾਨ ਉੱਪਰ ਦੂਜੇ ਗਰੁੱਪ ਦੇ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਵੱਲੋਂ ਵਾਰਦਾਤ ਦੇ ਸ਼ਿਕਾਰ ਹੋਏ ਨੌਜਵਾਨ ਦੇ ਬਿਆਨ ਉੱਪਰ ਗਿਆਸਪੁਰਾ ਤੇ ਉਸ ਦੇ ਕਰੀਬ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਯਾਤਿਨ ਪਾਲ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਹ ਆਪਣੇ ਦੋਸਤ ਸ਼ਿਵਮ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪੈਟਰੋਲ ਪੰਪ ਤੇ ਤੇਲ ਪਾਉਣ ਗਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ਤੇ ਸਟਾਰ ਬੁਆਏ ਦੇ ਨਾਮ ਤੇ ਪ੍ਰੋਫਾਈਲ ਚਲਾਉਣ ਵਾਲੇ ਸਟਾਰ ਬੋਏ ਆਪਣੇ 8 ਹੋਰ ਦੋਸਤਾਂ ਨਾਲ ਪੰਪ ਤੇ ਆ ਗਿਆ। ਉਸ ਵੇਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ ਤੇ ਹੋਏ ਵਿਵਾਦ ਦਾ ਹਵਾਲਾ ਦੇ ਕੇ ਆਪਣੇ ਸਾਥੀਆਂ ਸਮੇਤ ਮੁਦਈ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸੁਰਜਨ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਸ਼ਨਾਖਤ ਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।