ਨੰਗੇ ਸਿਰ ਤੇ ਚੱਪਲਾਂ ਸਣੇ ਪ੍ਰਕਾਸ਼ ਅਸਥਾਨ ਅੰਦਰ ਵੜਿਆ ਨੌਜਵਾਨ ਕਾਬੂ
ਨੰਗੇ ਸਿਰ ਤੇ ਚੱਪਲਾਂ ਸਮੇਤ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਨੌਜਵਾਨ ਕਾਬੂ
Publish Date: Wed, 25 Mar 2026 09:36 PM (IST)
Updated Date: Thu, 26 Mar 2026 04:09 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਸਾਹਨੇਵਾਲ ਇਲਾਕੇ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਇਕ ਨੌਜਵਾਨ ਨੇ ਘਰ ਦੀ ਉੱਪਰਲੀ ਮੰਜ਼ਿਲ ’ਤੇ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਮਰਿਆਦਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਸਹਨੇਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਸ਼ਿਵਾ ਬਖ਼ਸ਼ੀ ਨੂੰ ਹਿਰਾਸਤ ’ਚ ਲੈ ਕੇ ਉਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਆਪਣੇ ਘਰ ਦੀ ਉੱਪਰੀ ਮੰਜ਼ਿਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਹਨ ਤੇ ਰੋਜ਼ ਵਾਂਗ 24 ਮਾਰਚ ਸਵੇਰੇ ਕਰੀਬ 6:15 ਵਜੇ ਨਤਮਸਤਕ ਹੋਣ ਲਈ ਜਦੋਂ ਉਹ ਕਮਰੇ ’ਚ ਪਹੁੰਚੇ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਕਮਰੇ ਅੰਦਰ ਇੱਕ ਨੌਜਵਾਨ ਨੰਗੇ ਸਿਰ ਤੇ ਪੈਰਾਂ ’ਚ ਚੱਪਲਾਂ ਪਹਿਣ ਕੇ ਖੜ੍ਹਾ ਸੀ, ਜੋ ਕਿ ਧਾਰਮਿਕ ਮਰਿਆਦਾ ਦੀ ਸਪੱਸ਼ਟ ਉਲੰਘਣਾ ਸੀ। ਸੇਵਾਦਾਰ ਅਨੁਸਾਰ ਦੋਸ਼ੀ ਦੀਆਂ ਹਰਕਤਾਂ ਤੇ ਨੀਅਤ ਸ਼ੱਕੀ ਲੱਗ ਰਹੀ ਸੀ, ਜਿਸ ਕਾਰਨ ਉਸ ਨੇ ਤੁਰੰਤ ਰੌਲਾ ਪਾ ਦਿੱਤਾ । ਰੌਲਾ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਤੇ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਪੀੜਤ ਪੱਖ ਦਾ ਦੋਸ਼ ਹੈ ਕਿ ਨੌਜਵਾਨ ਘਰ ’ਚ ਚੋਰੀ ਅਤੇ ਬੇਅਦਬੀ ਦੀ ਨੀਅਤ ਨਾਲ ਵੜਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਕਿਸੇ ਸਾਜ਼ਿਸ਼ ਤਹਿਤ ਤਾਂ ਇਹ ਕਰਤੂਤ ਨਹੀਂ ਕਰ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।