ਧਮਕੀਆਂ ਦੇ ਕੇ ਨੌਜਵਾਨ ਦਾ ਮੋਟਰਸਾਈਕਲ ਲੁੱਟਿਆ, ਦੋ ਅਣਪਛਾਤੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਧਮਕੀਆਂ ਦੇ ਕੇ ਨੌਜਵਾਨ ਦਾ ਮੋਟਰਸਾਈਕਲ ਲੁੱਟਿਆ
Publish Date: Sun, 19 Apr 2026 06:27 PM (IST)
Updated Date: Sun, 19 Apr 2026 06:30 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਕੰਮ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਲੜਕੇ ਦਾ ਹਾਰਲੇ ਡੇਵਿਡਸਨ ਮੋਟਰਸਾਈਕਲ ਲੁੱਟ ਲਿਆ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਵਾਰਦਾਤ ਦੇ 17 ਦਿਨਾਂ ਬਾਅਦ ਗਾਂਧੀ ਨਗਰ ਦੇ ਰਹਿਣ ਵਾਲੇ ਮਾਧਵ ਗੋਇਲ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮਾਧਵ ਗੋਇਲ ਨੇ ਦੱਸਿਆ ਕਿ ਉਹ ਘੁਮਾਰ ਮੰਡੀ ਇਲਾਕੇ ਵਿਚ ਅਕਾਊਂਟਸ ਦਾ ਕੰਮ ਕਰਦਾ ਹੈ। ਬੀਤੇ ਦਿਨੀ ਸ਼ਾਮ 7 ਵਜੇ ਦੇ ਕਰੀਬ ਉਹ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ। ਮਾਧਵ ਨੇ ਦੱਸਿਆ ਕਿ ਉਹ ਆਪਣੇ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਸਵਾਰ ਹੋਕੇ ਜਿਵੇਂ ਹੀ ਸੈਸ਼ਨ ਚੌਕ ਵਿਚ ਪੈਂਦੇ ਪਵੀਲੀਅਨ ਮਾਲ ਦੇ ਲਾਗੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਕੇ ਉਸਨੂੰ ਰੋਕ ਲਿਆ। ਗਾਲੀ-ਗਲੋਚ ਕਰਦੇ ਹੋਏ ਬਦਮਾਸ਼ਾਂ ਨੇ ਮਾਦਰ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਉਸਨੂੰ ਬਾਈਕ ਤੋਂ ਹੇਠਾਂ ਉਤਾਰ ਦਿੱਤਾ। ਬਦਮਾਸ਼ ਧੱਕੇ ਨਾਲ ਮਾਧਵ ਦਾ ਮੋਟਰਸਾਈਕਲ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਕਾਊਂਟੈਂਟ ਮਾਧਵ ਗੋਇਲ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਕੀਤੀ ਜਾ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।