ਨੌਜਵਾਨ ਨੂੰ ਅਗਵਾ ਕਰਕੇ ਕੱਟਿਆ ਗੁਪਤ ਅੰਗ, ਰਬੀਨਾ ਮਹੰਤ ਸਣੇ ਨੌ ਨਾਮਜਦ

* ਵਧਾਈ ਦੇ ਇਲਾਕੇ ਨੂੰ ਲੈ ਕੇ ਵਿਵਾਦ ਕਾਰਨ ਕੀਤੀ ਵਾਰਦਾਤ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਕਿੰਨਰਾਂ ਦੇ ਵਧਾਈ ਮੰਗਣ ਦੇ ਇਲਾਕੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਇਕ ਗਰੁੱਪ ਦੇ ਮੈਂਬਰਾਂ ਨੇ ਨੌਜਵਾਨ ਨੂੰ ਅਗਵਾ ਕਰਕੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ-3 ਦੀ ਪੁਲਿਸ ਨੇ ਵਿਦਿਆਰਥੀ ਰਾਉ ਦੇ ਬਿਆਨ ਉੱਪਰ ਵਾਰਦਾਤ ਅੰਜਾਮ ਦੇਣ ਦੇ ਮੁਲਜ਼ਮ ਰਬੀਨਾ ਮਹੰਤ ਸਣੇ ਉਸ ਦੇ 9 ਹੋਰ ਸਾਥੀਆਂ ਖਿਲਾਫ ਇਰਾਦਾ ਕਤਲ ਸਣੇ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਰਬੀਨਾ ਮਹੰਤ ਤੋਂ ਇਲਾਵਾ ਮੋਨਾ, ਸੁਹਾਨਾ, ਸਿੰਮੀ, ਰਹਿਮਤ, ਕਨਿਕਾ, ਸ਼ਿਵ ਕੁਮਾਰ, ਹਿਫਾਜ਼ਤ, ਦਿਲਾਵਰ ਅਤੇ ਪੂਜਾ ਸਾਰੇ ਵਾਸੀ ਲੁਧਿਆਣਾ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਵਿਦਿਆਰਥੀ ਰਾਉ ਮੁਤਾਬਕ ਪਿੰਡ ਬੱਲੋਕੀ ਦਾ ਰਹਿਣ ਵਾਲਾ ਕਰੀਬ 30 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਕਰੀਬ 6 ਮਹੀਨੇ ਤੋਂ ਉਨ੍ਹਾਂ ਦੇ ਡੇਰੇ ਵਿੱਚ ਮਹੰਤਾਂ ਦੀ ਰੋਟੀ ਪਕਾਉਣ ਦਾ ਕੰਮ ਕਰਦਾ ਸੀ। ਵਾਰਦਾਤ ਵਾਲੇ ਦਿਨ ਸਵੇਰੇ ਕਰੀਬ 8.30 ਵਜੇ ਮਨਪ੍ਰੀਤ ਸਿੰਘ ਨਾਸ਼ਤਾ ਬਣਾ ਕੇ ਘਰੋਂ ਸੈਰ ਲਈ ਬਾਹਰ ਗਿਆ ਤੇ ਕਾਫੀ ਸਮਾਂ ਵਾਪਸ ਨਹੀਂ ਆਇਆ। ਦੋ ਦਿਨ ਬਾਅਦ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਹੈ। ਜਦ ਉਨ੍ਹਾਂ ਹਸਪਤਾਲ ਜਾ ਕੇ ਪਤਾ ਕੀਤਾ ਤਾਂ ਵੇਖਿਆ ਕਿ ਰਬੀਨਾ ਮਹੰਤ ਸਣੇ ਉਸ ਦੇ ਸਾਥੀਆਂ ਨੇ ਮਨਪ੍ਰੀਤ ਨੂੰ ਅਗਵਾ ਕਰਕੇ ਉਸ ਦਾ ਗੁਪਤ ਅੰਗ ਵੱਢ ਦਿੱਤਾ ਅਤੇ ਉਸ ਨੂੰ ਸੜਕ ’ਤੇ ਸੁੱਟ ਕੇ ਫ਼ਰਾਰ ਹੋ ਗਏ ਸੀ। ਕਿਸੇ ਰਾਹਗੀਰ ਨੇ ਵੇਖ ਕੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਪੀੜਤ ਮਨਪ੍ਰੀਤ ਮੁਤਾਬਕ ਵਧਾਈ ਲੈਣ ਲਈ ਏਰੀਆ ਨੂੰ ਲੈ ਕੇ ਦੋਨਾਂ ਗਰੁੱਪਾਂ ਵਿੱਚ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਰਵੀਨਾ ਮਹੰਤ ਨੇ ਪਹਿਲਾਂ ਵੀ ਉਨ੍ਹਾਂ ਉੱਪਰ ਥਾਣਾ ਡੋਹਲੋਂ ਦੇ ਇਲਾਕੇ ’ਚ ਕੈਂਚੀਆਂ ਨਾਲ ਹਮਲਾ ਕੀਤਾ ਸੀ। ਇਸ ਰੰਜਿਸ਼ ਤਹਿਤ ਕੁੱਝ ਦਿਨ ਪਹਿਲਾਂ ਦੁਬਾਰਾ ਉਸ ਨੂੰ ਅਗਵਾ ਕਰ ਕੇ ਕੋਈ ਨਸ਼ੀਲੀ ਦਵਾਈ ਸੁੰਘਾਈ ਤੇ ਦੋ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ। 26 ਜਨਵਰੀ ਦੀ ਰਾਤ ਰਵੀਨਾ ਮਹੰਤ ਤੇ ਉਸ ਦੇ ਸਾਥੀਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁਪਤ ਅੰਗ ਕੱਟ ਕੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਸੜਕ ’ਤੇ ਸੁੱਟਿਆ ਤੇ ਆਪ ਫ਼ਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਮੁਤਾਬਕ ਮੁਲਜ਼ਮਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।