ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਨੌਜਵਾਨ ਹੋਇਆ ਰਫੂ ਚੱਕਰ
ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਨੌਜਵਾਨ ਹੋਇਆ ਰਫੂ ਚੱਕਰ
Publish Date: Sat, 28 Feb 2026 06:38 PM (IST)
Updated Date: Sat, 28 Feb 2026 06:40 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ 92 ਲੱਖ ਦੀ ਕੀਮਤ ਦੇ ਟਰੈਕਟਰ ਪਾਰਟਸ ਨਾਲ ਭਰਿਆ ਟਰੱਕ ਲੈ ਕੇ ਇਕ ਨੌਜਵਾਨ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਟਰਾਂਸਪੋਰਟ ਹਰਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਦੇ ਵਾਸੀ ਜੱਗੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਹਰਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਨਿਊ ਮੋਗਾ ਲੋਜਿਸਟਿਕ ਨਾਮ ਦੀ ਟਰਾਂਸਪੋਰਟ ਕੰਪਨੀ ਚਲਾਉਂਦੇ ਹਨ। ਬੀਤੇ ਦਿਨ ਉਹਨਾਂ ਨੇ ਜੀਐਨਏ ਫੈਕਟਰੀ ਮੈਤੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਟਰੈਕਟਰ ਪਾਰਟਸ ਟਰੱਕ ਵਿੱਚ ਲੋਡ ਕਰਵਾ ਕੇ ਹੈਦਰਾਬਾਦ ਲਈ ਰਵਾਨਾ ਕੀਤੇ। ਲੁਧਿਆਣਾ ਦੇ ਪਿੰਡ ਪਵਾਂ ਦੇ ਕੋਲ ਪਹੁੰਚਦੇ ਹੀ ਡਰਾਈਵਰ ਪ੍ਰਦੀਪ ਸਿੰਘ ਕੰਡਕਟਰ ਜੱਗੀ ਨੂੰ ਟਰੱਕ ਵਿੱਚ ਛੱਡ ਕੇ ਕਮਰੇ ਵਿੱਚ ਜਾ ਕੇ ਸੌ ਗਿਆ। 27 ਫਰਵਰੀ ਸਵੇਰ ਨੂੰ ਜਿਵੇਂ ਹੀ ਉਹ ਹੈਦਰਾਬਾਦ ਵੱਲ ਰਵਾਨਾ ਹੋਣ ਲੱਗਿਆ, ਤਾਂ ਉਸ ਦੇ ਹੋਸ਼ ਉੱਡ ਗਏ। ਕਮਰੇ ’ਚੋਂ ਨਿਕਲਦੇ ਪ੍ਰਦੀਪ ਸਿੰਘ ਨੇ ਦੇਖਿਆ ਕਿ ਟਰੱਕ ਗਾਇਬ ਹੋ ਚੁੱਕਾ ਸੀ। ਸ਼ਿਕਾਇਤ ਕਰਤਾ ਹਰਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦਾ ਟਰੱਕ ਅਤੇ ਮਾਲ ਜੱਗੀ ਨੇ ਚੋਰੀ ਕੀਤਾ ਹੈ। ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਰਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਜੱਗੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।