ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਗਲੀ ’ਚ ਘੜੀਸ ਕੇ ਕੀਤੀ ਕੁੱਟਮਾਰ
ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਗਲੀ ’ਚ ਘਸੀਟ ਬੇਰਹਿਮੀ ਨਾਲ ਕੀਤੀ ਕੁੱਟਮਾਰ
Publish Date: Sat, 14 Mar 2026 10:17 PM (IST)
Updated Date: Sun, 15 Mar 2026 04:19 AM (IST)

* ਗੰਭੀਰ ਹਾਲਤ ’ਚ ਨੌਜਵਾਨ ਨੂੰ ਕਰਵਾਇਆ ਹਸਪਤਾਲ ’ਚ ਭਰਤੀ * ਪੁਲਿਸ ਨੇ ਪਰਿਵਾਰ ਦੇ ਬਿਆਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਪ੍ਰਤਾਪ ਸਿੰਘ ਵਾਲਾ ਇਲਾਕੇ ’ਚ ਕੁਝ ਹਮਲਾਵਰਾਂ ਨੇ ਇਕ 22 ਸਾਲਾ ਨੌਜਵਾਨ ਨੂੰ ਉਸ ਦੇ ਘਰੋਂ ਘੜੀਸ ਕੇ ਬਾਹਰ ਕੱਢਿਆ ਤੇ ਉਸ ਦੀ ਡੰਡਿਆਂ ਨਾਲ ਕੁੱਟਮਾਰ, ਜਿਸ ਨਾਲ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਤੇ ਆਸ ਪਾਸ ਦੇ ਲੋਕਾਂ ਵੱਲੋਂ ਹਮਲੇ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲੇ ਵਿੱਚ ਜ਼ਖਮੀ ਨੌਜਵਾਨ ਦੀ ਪਛਾਣ ਗਗਨਪ੍ਰੀਤ ਵਜੋਂ ਹੋਈ ਹੈ। ਉਸ ਦੀ ਮਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਆਂਢ-ਗੁਆਂਢ ਦੇ ਕੁਝ ਨੌਜਵਾਨ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਘਰ ਦੀ ਭੰਨਤੋੜ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਉਸ ਦੇ ਬੇਟੇ ਗਗਨਪ੍ਰੀਤ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕਥਿਤ ਤੌਰ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟਿਆ ਅਤੇ ਗਲੀ ਵਿੱਚ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਹਮਲੇ ਵਿੱਚ ਗਗਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਗਨਪ੍ਰੀਤ ਇੱਕ ਆਈਟੀਆਈ ਵਿੱਚ ਇਲੈਕਟ੍ਰੀਕਲ ਦੀ ਪੜਾਈ ਕਰ ਰਿਹਾ ਹੈ। ਉਸ ਦੀ ਮਾਂ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਉਸ ਦੇ ਪੁੱਤਰ ਦੇ ਜ਼ਖਮੀ ਹੋਣ ਤੋਂ ਬਾਅਦ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਵਸਨੀਕ ਗੁੱਸੇ ਵਿੱਚ ਆ ਗਏ ਅਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।