ਚਾਰ ਵੱਖ-ਵੱਖ ਮਾਮਲਿਆਂ ’ਚ ਲੜਕੀਆਂ ਲਾਪਤਾ, ਮਾਮਲਾ ਦਰਜ
ਚਾਰ ਵੱਖ-ਵੱਖ ਮਾਮਲਿਆਂ ਵਿੱਚ ਲਾਪਤਾ ਹੋਈਆਂ ਨੌਜਵਾਨ ਲੜਕੀਆਂ
Publish Date: Tue, 17 Mar 2026 10:13 PM (IST)
Updated Date: Wed, 18 Mar 2026 04:16 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਤਹਿਤ ਵੱਖ-ਵੱਖ ਇਲਾਕਿਆਂ ਵਿੱਚੋਂ ਚਾਰ ਨੌਜਵਾਨ ਲੜਕੀਆਂ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈਆਂ ਹਨ। ਪਹਿਲਾ ਮਾਮਲਾ ਥਾਣਾ ਮਿਹਰਬਾਨ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ, ਜਿੱਥੇ ਪ੍ਰੀਤ ਵਿਹਾਰ ਕਾਕੋਵਾਲ ਰੋਡ ਦੇ ਰਹਿਣ ਵਾਲੇ ਪਰਿਵਾਰ ਦੀ ਕਰੀਬ 15 ਸਾਲ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਇਸ ਗੁੰਮਸ਼ੁਦਗੀ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਪੀੜਤ ਪੱਖ ਵੱਲੋਂ ਦਿੱਤੇ ਸੁਰਾਗਾ ਦੇ ਆਧਾਰ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪੱਤੀ ਰਾਮ ਨਾਮ ਦੇ ਮੁਲਜ਼ਮ ਖਿਲਾਫ ਲੜਕੀ ਨੂੰ ਵਰਗਲਾ ਲੈ ਜਾਣ ਦੇ ਦੋਸ਼ ਵਿੱਚ ਪਰਚਾ ਦਰਜ ਕਰ ਦਿੱਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 15 ਸਾਲ ਦੀ ਨਾਬਾਲਿਗ ਲੜਕੀ ਕਰੀਬ ਇੱਕ ਹਫਤਾ ਪਹਿਲਾਂ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਤੇ ਹੁਣ ਤੱਕ ਵਾਪਸ ਨਹੀਂ ਆਈ। ਜਦੋਂ ਉਨ੍ਹਾਂ ਆਪਣੇ ਪੱਧਰ ਤੇ ਲਾਪਤਾ ਹੋਈ ਨਬਾਲਿਗਾ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਤ ਕਬੀਰ ਨਗਰ ਵਾਸੀ ਪੱਤੀ ਰਾਮ ਨਾਮ ਦਾ ਵਿਅਕਤੀ ਉਸ ਦੀ ਨਾਬਾਲਿਗ ਧੀ ਉੱਪਰ ਮਾੜੀ ਨਜ਼ਰ ਰੱਖਦਾ ਸੀ। ਮੁਦਈ ਨੇ ਖਦਸ਼ਾ ਜਾਹਿਰ ਕੀਤਾ ਕਿ ਮੁਲਜ਼ਮ ਪੱਤੀ ਰਾਮ ਹੀ ਉਸ ਦੀ ਧੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਦੂਜੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਨਾਬਾਲਿਗ ਲੜਕੀ ਦੇ ਲਾਪਤਾ ਹੋਣ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਮਾਡਲ ਟਾਊਨ ਐਕਸਟੈਂਸ਼ਨ ਦੀ ਰਹਿਣ ਵਾਲੀ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 17 ਸਾਲ ਦੀ ਨਾਬਾਲਿਗ ਲੜਕੀ ਕਰੀਬ 6 ਮਹੀਨੇ ਪਹਿਲਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਬਿਨ੍ਹਾਂ ਦੱਸੇ ਘਰੋਂ ਚਲੀ ਗਈ ਤੇ ਹੁਣ ਤੱਕ ਵਾਪਸ ਨਹੀਂ ਆਈ। ਉਨ੍ਹਾਂ ਆਪਣੇ ਪੱਧਰ ਤੇ ਲਾਪਤਾ ਹੋਈ ਲੜਕੀ ਦੀ ਕਾਫੀ ਭਾਲ ਕੀਤੀ, ਪਰ ਜਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਇਹ ਮਾਮਲਾ ਥਾਣਾ ਮਾਡਲ ਟਾਊਨ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਸ਼ਿਕਾਇਤ ਕਰਤਾ ਨੇ ਖਦਸ਼ਾ ਜਾਹਿਰ ਕੀਤਾ ਕਿ ਕਿਸੇ ਨੇ ਉਸ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਲਿਆ ਅਤੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਵੱਲੋਂ ਨੌਜਵਾਨ ਲੜਕੀ ਦੀ ਅਚਾਨਕ ਹੋਈ ਗੁੰਮਸ਼ੁਦਗੀ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸਥਾਨਕ ਚੰਦਰ ਨਗਰ ਦੀ ਰਹਿਣ ਵਾਲੀ ਸ਼ਿਕਾਇਤ ਕਰਤਾ ਔਰਤ ਨੇ ਦੱਸਿਆ ਕਿ ਉਸ ਦੇ ਕਰੀਬ 23 ਸਾਲ ਦੀ ਨੌਜਵਾਨ ਲੜਕੀ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਹੁਣ ਤੱਕ ਵਾਪਸ ਨਹੀਂ ਆਈ। ਉਨ੍ਹਾਂ ਖਾਸਾ ਜਾਹਰ ਕੀਤਾ ਕਿ ਕਿਸੇ ਨੇ ਉਸ ਦੀ ਧੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗ ਲਾਇਆ ਹੈ। ਚੌਥੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਵੱਲੋਂ ਨੌਜਵਾਨ ਲੜਕੀ ਦੀ ਅਚਾਨਕ ਗੁੰਮਸ਼ੁਦਗੀ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 18 ਸਾਲ ਦੀ ਲੜਕੀ ਪੇਪਰ ਦੇਣ ਲਈ ਘਰੋਂ ਸਕੂਲ ਗਈ ਸੀ, ਪਰ ਖਤਮ ਹੋਣ ਦੇ ਬਾਵਜੂਦ ਉਸ ਦੀ ਲੜਕੀ ਘਰ ਵਾਪਸ ਨਾ ਆਈ ਤਾਂ ਉਨ੍ਹਾਂ ਲੜਕੀ ਦੀ ਭਾਲ ਵਿੱਚ ਭੱਜ ਦੌੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਘਰੋਂ ਸਕੂਲ ਲਈ ਗਈ, ਪਰ ਨਾ ਤਾਂ ਲੜਕੀ ਸਕੂਲ ਪੂਜੀ ਅਤੇ ਨਾ ਹੀ ਘਰ ਵਾਪਸ ਆਈ। ਸ਼ਿਕਾਇਤ ਕਰਤਾ ਨੇ ਪੁਲਿਸ ਕੋਲ ਖਦਸਾ ਜਾਹਰ ਕੀਤਾ ਕਿ ਕਿਸੇ ਨੇ ਉਸ ਦੀ ਲੜਕੀ ਨੂੰ ਨਿੱਜੀ ਸਵਾਰਥ ਲਈ ਅਗਵਾਹ ਕਰਕੇ ਆਪਣੀ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਚਾਰੋਂ ਹੀ ਮਾਮਲਿਆਂ ਵਿੱਚ ਪੁਲਿਸ ਨੇ ਲਾਪਤਾ ਹੋਈਆਂ ਲੜਕੀਆਂ ਸਬੰਧੀ ਸੁਰਾਗ ਇਕੱਠੇ ਕਰਕੇ ਲਾਪਤਾ ਹੋਈਆਂ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ।