ਪੀਏਯੂ ਵਿਖੇ ਕੁਸ਼ਤੀ ਅਖਾੜਾ ਸ਼ੁਰੂ
ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ਵਿਖੇ ਕੁਸ਼ਤੀ ਅਖਾੜਾ ਸ਼ੁਰੂ
Publish Date: Wed, 28 Jan 2026 06:44 PM (IST)
Updated Date: Thu, 29 Jan 2026 04:07 AM (IST)
- ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ ਉਦਘਾਟਨ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਬੁੱਧਵਾਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ’ਚ ਵਿਦਿਆਰਥੀਆਂ ਲਈ ਡਾ. ਗੁਲਜ਼ਾਰ ਭਲਵਾਨ ਉੱਚੀ ਰੁੜਕੀ ਵਾਲਾ ਕੁਸ਼ਤੀ ਅਖਾੜਾ ਸ਼ੁਰੂ ਕੀਤਾ ਗਿਆ। ਇਸ ਅਖਾੜੇ ਦਾ ਉਦਘਾਟਨ ਕਰਿਦਆਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ ਹੈ ਜਿਸ ਨੂੰ ਸੰਭਾਲਣਾ ਜ਼ਰੂਰੀ ਹੈ। ਡਾ. ਗੋਸਲ ਨੇ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ’ਚ ਕੁਸ਼ਤੀ ਦੇ ਮੁਕਾਬਲੇ ਦਿਲਚਸਪੀ ਨਾਲ ਹੁੰਦੇ ਰਹੇ ਹਨ ਅਤੇ ਇਥੋਂ ਦੇ ਭਲਵਾਨ ਰਾਸ਼ਟਰ ਪੱਧਰ ਦੇ ਮੁਕਾਬਿਲਆਂ ’ਚ ਆਪਣੀ ਥਾਂ ਬਣਾਉਂਦੇ ਰਹੇ ਹਨ। ਡਾ ਗੋਸਲ ਨੇ ਇਸ ਵੇਲੇ ਕੈਨੇਡਾ ਰਹਿ ਰਹੇ ਡਾ ਗੁਲਜ਼ਾਰ ਸਿੰਘ ਭਲਵਾਨ ਦਾ ਜ਼ਿਕਰ ਕੀਤਾ ਜੋ ਇਸ ਯੂਨੀਵਰਿਸਟੀ ਦੇ ਵਿਦਿਆਰਥੀ ਹੁੰਦਿਆਂ ਕੁਸ਼ਤੀ ਤੇ ਬਾਡੀ ਬਿਲਡਿੰਗ ਮੁਕਾਬਲੇ ’ਚ ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਹਨ। ਵਰਣਨਯੋਗ ਹੈ ਕਿ ਹੁਣ ਵੀ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਇਸ ਪਾਸੇ ਉਤਸ਼ਾਹਤ ਕਰਨ ਲਈ ਡਾ ਗੁਲਜ਼ਾਰ ਸਿੰਘ ਭਲਵਾਨ ਨੇ ਲਗਭਗ ਵੀਹ ਲੱਖ ਰੁਪਏ ਯੂਨੀਵਰਿਸਟੀ ਨੂੰ ਭੇਜੇ ਹਨ, ਜਿਸ ’ਚੋਂ ਪੰਦਰਾਂ ਲੱਖ ਰੁਪਏ ਦੇ ਵਿਆਜ ਨਾਲ ਹਰ ਸਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ, ਜਦਕਿ ਕਰੀਬ ਪੰਜ ਲੱਖ ਰੁਪਏ ਨਾਲ ਇਹ ਅਖਾੜਾ ਤਿਆਰ ਕੀਤਾ ਗਿਆ ਹੈ। ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਡਾ ਗੁਲਜ਼ਾਰ ਭਲਵਾਨ ਦੀ ਦੂਰ ਅੰਦੇਸ਼ੀ ਤੇ ਯੂਨੀਵਰਿਸਟੀ ਪ੍ਰਤੀ ਲਗਨ ਹੋਣ ਕਰਕੇ ਉਸਨੇ ਇੱਥੇ ਇਹ ਅਖਾੜਾ ਸਥਾਪਤ ਕੀਤਾ ਹੈ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਗ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਤੇ ਖੇਡ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਡਿਪਟੀ ਡਾਇਰੈਕਟਰ ਖੇਡਾਂ ਕੰਵਲਜੀਤ ਕੌਰ ਨੇ ਇਸ ਮੌਕੇ ਪਹੁੰਚੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਮਿਲਖ ਅਫ਼ਸਰ, ਡਾ. ਯੋਗਿਤਾ ਸ਼ਰਮਾ ਲਾਇਬ੍ਰਰੀਅਨ, ਡਾ. ਪ੍ਰਭਜੋਧ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ, ਡਾ. ਵਿਸ਼ਵਜੀਤ ਸਿੰਘ ਹਾਂਸ ਚੀਫ ਇੰਜੀਨੀਅਰ, ਡਾ. ਧਰਮਿੰਦਰ ਸਿੰਘ ਚੀਫ ਵਾਰਡਨ, ਡਾ. ਵਿਸ਼ਾਲ ਬੈਕਟਰ, ਗੁਰਤੇਗ ਸਿੰਘ ਹਾਕੀ ਕੋਚ, ਗੁਰਮੀਤ ਸਿੰਘ ਐਥਲੈਟੀਕ ਕੋਚ ਹਾਜ਼ਰ ਸਨ।