ਭਰਿਆ ਮੇਲਾ ਛੱਡਣ ਦੀ ਤਮੰਨਾ ਹੋਈ ਪੂਰੀ : ਜੱਸਾ ਪੱਟੀ,,
ਪਹਿਲਵਾਨ ਜੱਸਾ ਪੱਟੀ ਵੱਲੋਂ ਭਰ ਜਵਾਨੀ ਵਿੱਚ ਕੁਸ਼ਤੀ ਤੋਂ ਸੰਨਿਆਸ , ਦੇਸ਼ ਵਿਦੇਸ਼ ਵਿੱਚ ਜਮਾਈ ਆਪਣੀ ਕੁਸ਼ਤੀ ਦੀ ਧਾਂਕ
Publish Date: Tue, 20 Jan 2026 07:01 PM (IST)
Updated Date: Wed, 21 Jan 2026 04:15 AM (IST)

ਪਹਿਲਵਾਨ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਦੇਸ਼-ਵਿਦੇਸ਼ ’ਚ ਜਮਾਈ ਆਪਣੀ ਕੁਸ਼ਤੀ ਦੀ ਧਾਂਕ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਪਹਿਲਵਾਨੀ ਖੇਤਰ ’ਚ ਹਿੰਦੁਸਤਾਨ ਦਾ ਸ਼ੇਰ ਜਸਕੰਵਰ ਸਿੰਘ ਜੱਸਾ ਪੱਟੀ 32 ਕੁ ਸਾਲ ਦੀ ਉਮਰ ਵਿੱਚ ਉਸ ਵੇਲੇ ਕੁਸ਼ਤੀ ਤੋਂ ਸੰਨਿਆਸ ਲੈ ਗਿਆ, ਜਦੋਂ ਉਸਦੀ ਚੜ੍ਹਤ ਪੂਰੀ ਤਰ੍ਹਾਂ ਸਰਗਰਮ ਸੀ ਤੇ ਉਹ ਇੱਕ ਨੰਬਰ ਤੇ ਚੋਟੀ ਦਾ ਮੱਲ੍ਹ ਬਣਿਆ ਹੋਇਆ ਸੀ। ਮਾਝੇ ਦੇ ਗਿੱਲ ਖਾਨਦਾਨ ਵਿੱਚ ਜੰਮਿਆ ਤੇ ਮਾਪਿਆਂ ਨੇ ਨਾਂਅ ਰੱਖਿਆ ਸੀ-ਜਸਕੰਵਰ ਸਿੰਘ। ਫਿਰ ਜਸਕੰਵਰ ਨੂੰ ਕੁਸ਼ਤੀ ਦੀ ਅਜਿਹੀ ਚੇਟਕ ਲੱਗੀ ਕਿ ਕੁਝ ਹੀ ਸਾਲਾਂ ਵਿੱਚ ਉਹ ਪੱਟੀ ਐਕਸਪ੍ਰੈਸ ਅਤੇ ਜੱਸਾ ਪੱਟੀ ਦੇ ਨਾਮ ਨਾਲ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਗਿਆ। ਖੇਡ ਪ੍ਰੇਮੀ ਦਰਸ਼ਕ ਅਤੇ ਕੁਸ਼ਤੀਆਂ ਨੂੰ ਪਿਆਰ ਕਰਨ ਵਾਲਾ ਬੱਚਾ ਬੁੱਢਾ ਜਵਾਨ ਸਾਹਿਬ ਉਸ ਨੂੰ ਵੱਖ-ਵੱਖ ਕੁਸ਼ਤੀ ਦੰਗਲਾਂ ਅਖਾੜਿਆਂ ਵਿੱਚ ਆਉਂਦਿਆਂ ਦੇਖ ਕਿਲਕਾਰੀਆਂ ਮਾਰ ਉਠਦੇ ,ਤਾੜੀਆਂ ਨਾਲ ਆਸਮਾਨ ਗੂੰਜਣ ਲਾ ਦਿੰਦੇ। ਇਹ ਮਿੱਟੀ ਦਾ ਲਾਲ, ਨਾ ਸਿਰਫ ਗੀਤਾਂ ਵਿੱਚ ਗੂੰਜਿਆ ਬਲਕਿ ਜਦੋਂ ਕਿਤੇ ਦਿਲੋਂ ਬੋਲਿਆ ਤਾਂ ਲੋਕਾਂ ਨੇ ਕੱਟ-ਕੱਟ ਕੇ ਰੀਲਾਂ ਵਾਇਰਲ ਕੀਤੀਆਂ। ਮਿੱਟੀ ਦੀ ਕੁਸ਼ਤੀ ਤਾਂ ਐਂ ਲੱਗਦਾ ਸੀ ਕਿ ਬਣੀ ਹੀ ਜੱਸੇ ਲਈ ਹੈ। ਜੱਸਾ ਇਸ ਦੀ ਸਿੱਖ ਰੈਸਲਰ ਦੇ ਤੌਰ ਤੇ ਇੱਕ ਵਿਲੱਖਣਤਾ ਹੋ ਨਿੱਬੜਿਆ। ਜਦੋਂ ਜ਼ਮਾਨਾ ਇੰਟਰਨੈਟ ਰਾਹੀਂ ਅੱਗੇ ਵੱਧ ਰਿਹਾ ਸੀ ਤੇ ਜੁਆਕਾਂ ਦਾ ਵੀਡੀਓ ਗੇਮਾਂ ਵੱਲ ਧਿਆਨ ਜਾ ਰਿਹਾ ਸੀ ਤਾਂ ਜੱਸਾ ਆਪਣੇ ਪਿਤਾ ਦੇ ਮਾਰਗ ਦਰਸ਼ਨ ਸਦਕਾ ਅਖਾੜੇ ਨੂੰ ਮੱਥਾ ਜਾ ਟੇਕਦਾ ਹੈ। ਜੱਸੇ ਲਈ ਅਖਾੜਾ ਬੱਸ ਇੱਕ ਤਪੱਸਵੀ ਦਾ ਤਪ ਅਸਥਾਨ ਬਣਿਆ ਤੇ ਏਥੋਂ ਤੱਪ ਕੇ ਜੱਸੇ ਨੇ ਖੁਦ ਨੂੰ ਕੁੰਦਨ ਵੀ ਸਾਬਤ ਕੀਤਾ। ਵਿਦੇਸ਼ੀ ਧਰਤੀ ਤੇ ਕੁਸ਼ਤੀਆਂ ਲੜਨ ਗਿਆ ਜੱਸਾ ਪੰਜਾਬ ਦਾ ਸਿਰ ਹੋਰ ਉੱਚਾ ਘਰ ਆਇਆ ਜਦੋ ਉਸਨੇ ਜੂੜਾ ਖੋਲ ਕੇ ਖੇਡਣ ਤੋਂ ਮਨ੍ਹਾ ਕਰ ਦਿੱਤਾ, ਉਸਨੇ ਦਰਸਾ ਦਿੱਤਾ ਕਿ ਦਸਮ ਪਾਤਸ਼ਾਹ ਦੇ ਦਰਸਾਏ ਮਾਰਗ ਤੇ ਚੱਲਦਿਆਂ ਉਹ ਆਪਣੇ ਸਿੱਖ ਧਰਮ ਵਿਚ ਅਹਿਮ ਸਥਾਨ ਰੱਖਦੇ ਕੇਸਾਂ ਦਾ ਕਿੰਨਾ ਮਾਣ ਰੱਖਦਾ ਹੈ। ਰਾਮਗੜ੍ਹੀਆ ਕਾਲਜ ਤੋਂ ਇਸ ਗੱਭਰੂ ਨੇ ਗ੍ਰੈਜੂਏਸ਼ਨ ਕੀਤੀ। ਮਿਹਨਤ ਨੂੰ ਪਏ ਬੂਰ ਦੀ ਗੱਲ ਕਰੀਏ ਤਾਂ ਰੁਸਤਮ-ਏ-ਹਿੰਦ, ਭਾਰਤ ਕੇਸਰੀ, ਭਾਰਤ ਮੱਲ ਸਮਾਰਟ, ਰੁਸਤਮ-ਏ-ਪੰਜਾਬ, ਪੰਜਾਬ ਕੇਸਰੀ, ਚੰਡੀਗੜ੍ਹ ਕੇਸਰੀ ਜਿਹੇ ਖਿਤਾਬ ਆਪਣੇ ਨਾਂਅ ਕੀਤੇ। ਕਈ ਵਾਰ ਇੱਕੋ ਸ਼ੋ ਰੂਮ ਵਿੱਚ 12 ਟਰੈਕਟਰ ਖੜ੍ਹੇ ਨਹੀਂ ਮਿਲਦੇ, ਜੱਸੇ ਨੇ ਏਨੇ ਜਿੱਤੇ ਆ,13 ਆਲਟੋ ਕਾਰਾਂ ਤੇ 170 ਮੋਟਰਸਾਈਕਲ ਜੱਸੇ ਨੂੰ ਸਲਾਮ ਠੋਕ ਚੁੱਕੀਆਂ ਹਨ। ਇੱਕ ਥਾਰ ਤੇ ਇੱਕ ਜੀਪ ਤੋਂ ਇਲਾਵਾ ਦੋ ਘੋੜੀਆਂ, 60 ਮੱਝਾਂ ਦਾ ਇਹ ਜੇਤੂ ਚੋਬਰ ਇੱਕ ਕਿੱਲੋ ਦੇ ਕਰੀਬ ਸੋਨਾ ਪੁਆ ਚੁੱਕਾ ਹੈ। ਜੱਸੇ ਨੇ ਕੁਸ਼ਤੀ ਵਿੱਚ ਅਸਲ ਪੰਜਾਬ ਦੀ ਰੂਹ ਨੂੰ ਰਹਿਨੁਮਾ ਕੀਤਾ ਹੈ। ਬੀਤੇ ਦਿਨੀ ਬੱਤੀ ਕੂ ਸਾਲ ਦੀ ਉਮਰ ਵਿੱਚ ਜੱਸੇ ਨੇ ਭਰਿਆ ਮੇਲਾ ਛੱਡਣ ਦਾ ਫੈਸਲਾ ਕੀਤਾ ਹੈ। ਉਸਦਾ ਇਹ ਕਹਿਣਾ ਭਾਊ ਜੀ! ਕੁਸ਼ਤੀ ਨਾਲ਼ ਇਸ਼ਕ ਕੀਤਾ ਹੈ, ਇਸ਼ਕ ਕਮਾਇਆ ਹੈ, ਪੈਸਾ ਹੋਰ ਵੀ ਬਹੁਤ ਕਮਾ ਸਕਦੇ ਸੀ, ਜਾਂ ਹੋਰ ਕਮਾ ਲਵਾਂਗੇ; ਪਰ ਕੁਸ਼ਤੀ ਨੂੰ ਸ਼ਿੱਦਤ ਨਾਲ਼ ਅੱਗੇ ਤੋਰਾਂਗਾ - ਬੇਫਿਕਰ ਰਹੋ। ਕੁਸ਼ਤੀ ਪ੍ਰਤੀ ਉਸਦੇ ਪਿਆਰ ਸਤਿਕਾਰ ਮਾਣ ਅਤੇ ਆਉਣ ਵਾਲੇ ਸਮੇਂ ਵਿੱਚ ਕੁਸ਼ਤੀ ਨੂੰ ਉੱਚਾ ਚੱਕਣ ਦੇ ਦ੍ਰਿੜ ਇਰਾਦੇ ਨੂੰ ਸਪਸ਼ਟ ਕਰਦਾ ਹੈ। ਖੇਡ ਪ੍ਰੇਮੀ, ਦਰਸ਼ਕ, ਕੁਸ਼ਤੀਆਂ ਦੇਖਣ ਦੇ ਸ਼ੌਕੀਨ ਜੱਸੇ ਨੂੰ ਹਾਲੇ ਬਹੁਤ ਲੰਬਾ ਸਮਾਂ ਅਖਾੜਿਆਂ ਵਿੱਚ ਦੇਖਣਾ ਲੋਚਦੇ ਹਨ ਆਉਣ ਵਾਲਾ ਸਮਾਂ ਜੱਸਾ ਪੱਟੀ ਇਹਨਾਂ ਅਖਾੜਿਆਂ ਵਿੱਚ ਇੱਕ ਵੱਖਰੇ ਰੂਪ ਵਿੱਚ ਕਿੱਦਾਂ ਆਵੇਗਾ ਇਹ ਭਵਿੱਖ ਦੀ ਗੋਦ ਵਿੱਚ ਹੈ। ਮਾਛੀਵਾੜਾ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਨੇ ਜੱਸੇ ਪੱਟੀ ਦੇ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂ ਦਿੰਦਿਆਂ ਉਸ ਦੀ ਹਮੇਸ਼ਾ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।