ਬੌਧਿਕ ਸੰਪਤੀ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਵਰਕਸ਼ਾਪ
ਬੌਧਿਕ ਸੰਪਤੀ ਦੇ ਅਧਿਕਾਰ ਤੋਂ ਜਾਣੂੰ ਕਰਵਾਉਣ ਲਈ ਵਰਕਸ਼ਾਪ ਕਰਵਾਈ
Publish Date: Tue, 24 Mar 2026 07:10 PM (IST)
Updated Date: Wed, 25 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਤਕਨਾਲੋਜੀ ਵਪਾਰੀਕਰਨ ਸੈੱਲ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਚੰਡੀਗੜ੍ਹ ਦੇ ਸਹਿਯੋਗ ਨਾਲ ਨੌਜਵਾਨ ਅਧਿਆਪਕਾਂ ਨੂੰ ਬੌਧਿਕ ਸੰਪਤੀ ਦੇ ਅਧਿਕਾਰ ਤੋਂ ਜਾਣੂੰ ਕਰਵਾਉਣ ਲਈ ਇੱਕ ਵਰਕਸ਼ਾਪ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਦੇ ਦੱਸਿਆ ਕਿ ਇਸ ਵਰਕਸ਼ਾਪ ਨੂੰ ਕਰਵਾਉਣ ਦਾ ਮੰਤਵ ਮੌਜੂਦਾ ਸਮੇਂ ਵਿੱਚ ਤਕਨਾਲੋਜੀ ਦੇ ਮੱਦੇਨਜ਼ਰ ਖੋਜ ਅਤੇ ਪਸਾਰ ਰਾਹੀਂ ਨਿਰਮਿਤ ਕੀਤੀ ਬੌਧਿਕ ਸੰਪਤੀ ਬਾਰੇ ਅਧਿਕਾਰਾਂ ਲਈ ਜਾਗਰੂਕਤਾ ਫੈਲਾਉਣਾ ਸੀ। ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਖੋਜ ਲੱਭਤਾਂ ਦੀ ਬੌਧਿਕ ਸੰਪਤੀ ਵਜੋਂ ਸੁਰੱਖਿਆ ਦੇ ਮਹੱਤਵ ਉੱਪਰ ਜ਼ੋਰ ਦਿੱਤਾ। ਉਨ੍ਹਾਂ ਪੀਏਯੂ ਦੀਆਂ ਤਕਨਾਲੋਜੀਆਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਮੋਹਾਲੀ ਤੋਂ ਆਏ ਡਾ.ਰੁਚੀ ਸਿੰਗਲਾ ਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਵਿਗਿਆਨੀ ਡਾ. ਦਿਵਿਆ ਕੌਸ਼ਿਕ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਦੋਵਾਂ ਬੁਲਾਰਿਆਂ ਨੇ ਮੌਜੂਦਾ ਤਕਨਾਲੋਜੀ ਪ੍ਰਬੰਧਾਂ ਵਿੱਚ ਬੌਧਿਕ ਸੰਪਤੀ ਦੀ ਸਫਲਤਾਪੂਰਵਕ ਸੁਰੱਖਿਆ ਤੇ ਭਾਰਤ ’ਚ ਨੌਜਵਾਨ ਵਿਗਿਆਨੀਆਂ ਦੇ ਪੇਟੈਂਟ ਸੰਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਰਕਸ਼ਾਪ ਕਰਵਾਉਣ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪੀਏਯੂ ਨੇ ਹੁਣ ਤੱਕ ਵੱਖ-ਵੱਖ ਧਿਰਾਂ ਨਾਲ 422 ਤੋਂ ਵਧੇਰੇ ਸਮਝੌਤੇ ਕਰ ਕੇ ਤਕਨਾਲੋਜੀ ਦੇ ਸੁਰੱਖਿਅਤ ਵਪਾਰੀਕਰਨ ਵੱਲ ਕਦਮ ਵਧਾਇਆ ਹੈ। ਇਸ ਮੌਕੇ ਡਾ. ਨੀਨਾ ਸਿੰਗਲਾ, ਡਾ. ਗੌਰਵ ਤੱਗੜ, ਡਾ. ਦੀਪਿਕਾ ਵਿੱਗ, ਡਾ. ਗੁਰਨਾਜ਼ ਗਿੱਲ ਅਤੇ ਡਾ. ਰਜਿੰਦਰ ਸਿੰਘ ਵੀ ਮੌਜੂਦ ਸਨ।