ਐੱਸਆਈਆਰ ਦੇ ਨਾਮ ’ਤੇ ਔਰਤਾਂ ਨੂੰ ਕੀਤਾ ਜਾ ਰਿਹਾ ਖੱਜਲ-ਖੁਆਰ
ਐਸਆਈਆਰ ਦੇ ਨਾਮ ’ਤੇ ਔਰਤਾਂ ਨੂੰ ਕੀਤਾ ਜਾ ਰਿਹਾ ਖੱਜਲ ਖੁਆਰ
Publish Date: Sat, 21 Mar 2026 08:04 PM (IST)
Updated Date: Sun, 22 Mar 2026 04:16 AM (IST)

20-22 ਸਾਲ ਪਹਿਲਾਂ ਵਿਆਹੀਆਂ ਔਰਤਾਂ ਤੋਂ ਵੀ ਪੇਕਿਆਂ ਦੀ ਮੰਗੀ ਜਾ ਰਹੀ ਰਿਪੋਰਟ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਵਾਂਗ ਪੰਜਾਬ ਚ ਵੀ ਐਸ ਆਈ ਆਰ ਦੀ ਸੁਰੂਆਤ ਕੀਤੀ ਜਾ ਚੁੱਕੀ ਹੈ, ਜਿਸ ਤਹਿਤ 20-22 ਸਾਲ ਪਹਿਲਾਂ ਵਿਆਹੀਆਂ ਔਰਤਾਂ ਤੋਂ ਵੀ ਉਹਨਾ ਦੇ ਪੇਕਿਆਂ ਤੋਂ ਦਸਤਾਵੇਜ਼ ਮੰਗਕੇ ਖੱਜਲ ਖੁਆਰ ਕੀਤਾ ਜਾ ਰਿਹਾ। ਇਸ ਮੁਹਿੰਮ ਤਹਿਤ ਜਿਹੜੇ ਵਿਆਕਤੀ 2003 ਤੋਂ ਬਾਅਦ ਕਿਸੇ ਪਿੰਡ ਵਿੱਚ ਸ਼ਿਫਟ ਹੋਕੇ ਆਏ ਹਨ ਜਾ ਜਿਹੜੀਆਂ ਅੋਰਤਾਂ 2003 ਤੋਂ ਬਾਅਦ ਵਿਆਹ ਕੇ ਆਈਆਂ ਹਨ, ਉਹ ਆਪਣੇ ਪੇਕਿਆ ਤੋ ਹੇਠ ਲਿਖੇ ਅਨੁਸਾਰ ਸੂਚਨਾ ਲੈਕੇ ਆਉਣ-ਸਾਲ 2003 ਦੀ ਵੋਟਰ ਸੂਚੀ ਦਾ ਵੇਰਵਾ, ਸਾਲ 2003 ਦੀ ਵੋਟਰ ਸੂਚੀ ਵਿੱਚ ਵੋਟਰ ਦਾ ਲੜੀ ਨੰਬਰ ਅਤੇ ਵੋਟਰ ਐਪਿਕ ਨੰਬਰ, ਸਾਲ 2003 ਦੀ ਵੋਟਰ ਸੂਚੀ ਵਿੱਚ ਵੋਟਰ ਦੇ ਪਿਤਾ ਦਾ ਲੜੀ ਨੰਬਰ,ਸਾਲ 2003 ਦੀ ਵੋਟਰ ਸੂਚੀ ਵਿੱਚ ਵੋਟਰ ਦੀ ਮਾਤਾ ਦਾ ਨਾਮ,ਸਾਲ 2003 ਦੀ ਵੋਟਰ ਸੂਚੀ ਵਿੱਚ ਵਿਧਾਨ ਸਭਾ ਹਲਕੇ ਦਾ ਨਾਮ ਤੇ ਨੰਬਰ, ਸਾਲ 2003 ਦੀ ਵੋਟਰ ਸੂਚੀ ਦੇ ਬੂਥ ਨੰਬਰ ਦਾ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਬੀਐੱਲਓ ਦਾ ਨਾਮ ਅਤੇ ਨੰਬਰ। ਇਸ ਨੂੰ ਲੈ ਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਬੀਐੱਲਉਜ਼ ਵੀ ਦੱਬਵੀਂ ਸੁਰ ਵਿੱਚ ਇਸ ਮੁਹਿੰਮ ਤੋਂ ਪ੍ਰੇਸ਼ਾਨ ਹਨ ਅਤੇ ਇਸਨੂੰ ਲੈਕੇ ਇਲਾਕੇ ਦੇ ਲੋਕਾਂ ਚ ਭਾਰੀ ਰੋਸ਼ ਪਾਇਆ ਜਾ ਰਿਹਾ। ਇਲਾਕੇ ਦੀਆਂ ਕੁੱਝ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸਨੂੰ ਸਰਾਸਰ ਲੋਕਾਂ ਨਾਲ ਬੇਇਨਸਾਫ਼ੀ ਦੱਸਿਆ ਹੈ। ਉਘੇ ਸਮਾਜ ਸੇਵੀ ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਸਰਪੰਚ ਸਤਵੰਤ ਸਿੰਘ ਸਿਰਥਲਾ, ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਮੰਡੇਰ ਜਰਗ ਤੇ ਭਾਈ ਘਨਈਆ ਵੈਲਫ਼ੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਨੇ ਆਖਿਆ ਕਿ ਕੇਂਦਰ ਸਰਕਾਰ ਦੀ ਇਸ ਮੁਹਿੰਮ ਨੂੰ ਪਹਿਲਾਂ ਹੀ ਕਈ ਸੂਬਿਆਂ ਚ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਅਤੇ ਇਸ ਮੁਹਿੰਮ ਕਾਰਨ ਕਈ ਥਾਂਵਾਂ ਤੇ ਬੀਐਲਉਜ ਵੱਲੋ ਖੁਦਕੁਸ਼ੀ ਕਰਨ ਦੀਆਂ ਮਾੜੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਜਾਣਬੁੱਝ ਕੇ ਲੋਕਾਂ ਦੀਆਂ ਵੋਟਾਂ ਕੱਟਣ ਲਈ ਅਜਿਹੀਆਂ ਮੁਹਿੰਮਾਂ ਚਲਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ 20-22 ਸਾਲ ਪਹਿਲਾਂ ਵਿਆਹੀਆਂ ਔਰਤਾਂ ਇਸ ਮੁਹਿਮ ਕਾਰਨ ਖੱਜਲ ਖੁਆਰ ਹੋ ਰਹੀਆਂ ਹਨ ਅਤੇ ਉਹ ਆਪੋ ਆਪਣੇ ਪੇਕਿਆਂ ਦੇ ਬੀਐਲਉਜ ਪਾਸ ਗੇੜੇ ਕੱਢਣ ਲਈ ਮਜਬੂਰ ਹਨ। ਉਹਨਾਂ ਆਖਿਆ ਕਿ ਵੋਟ ਬਣਾਉਣ ਮੌਕੇ ਹੀ ਬੀਐੱਲਉ ਹਰ ਨਵੀਂ ਵਿਆਹੀ ਲੜਕੀ ਪਾਸੋ ਜਦੋਂ ਪਹਿਲਾਂ ਹੀ ਉਸਦੇ ਪੇਕਿਆਂ ਤੋਂ ਦਸਤਾਵੇਜ਼ ਮੰਗਵਾਕੇ ਉਸਦੀ ਵੋਟ ਬਣਾਉਂਦੇ ਹਨ ਤਾਂ ਹੁਣ ਅਜਿਹੀ ਫਾਰਮੈਲਿਟੀ ਕਿਓਂ ਕੀਤੀ ਜਾ ਰਹੀ ਹੈ? ਉਹਨਾ ਅੱਗੇ ਆਖਿਆ ਕਿ ਅਗਰ ਸਰਕਾਰ ਨੇ ਵੋਟ ਚੈੱਕ ਕਰਨੀ ਹੈ ਤਾਂ ਹੁਣ ਤਾਂ ਹਰ ਇੱਕ ਦਾ ਡਾਟਾ ਆਨਲਾਈਨ ਪਿਆ ਹੈ, ਉਥੋਂ ਚੈੱਕ ਕੀਤਾ ਜਾ ਸਕਦਾ ਹੈ, ਫ਼ੇਰ ਅਜਿਹਾ ਕਿਓਂ? ਕਿਉਂਕਿ ਇਹ ਸਭ ਕੁਝ ਕੇਂਦਰ ਸਰਕਾਰ ਵੱਲੋ ਲੋਕਾਂ ਦੀਆਂ ਵੋਟਾਂ ਕੱਟਣ, ਆਪਣੀਆਂ ਨਵੀਆਂ ਵੋਟਾਂ ਬਨਾਉਣ ਅਤੇ ਸੂਬੇ ਅੰਦਰ ਅਪਣੀ ਸਰਕਾਰ ਬਣਾਉਣ ਲਈ ਲਈ ਕੀਤਾ ਜਾ ਰਿਹਾ। ਉਨ੍ਹਾਂ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਲੋਕਾਂ ਦੀ ਹੁੰਦੀ ਖੱਜਲ ਖ਼ੁਆਰੀ ਨੂੰ ਰੋਕਣ ਲਈ ਬੇਵਜ੍ਹਾ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।