ਗੋਲ ਗੱਪੇ ਖਾ ਰਹੀ ਔਰਤ ਦੀ ਸੋਨੇ ਦੀ ਚੇਨ ਝਪਟੀ
ਗੋਲ ਗੱਪੇ ਖਾ ਰਹੀ ਔਰਤ ਦੀ ਸੋਨੇ ਦੀ ਚੇਨ ਝਪਟੀ
Publish Date: Sat, 28 Mar 2026 06:30 PM (IST)
Updated Date: Sat, 28 Mar 2026 06:32 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸ਼ਹਿਰ ਵਿਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਥੋੜ੍ਹੀ ਜਿਹੀ ਲਾਪਰਵਾਹੀ ਵਰਤਦੇ ਹੀ ਝਪਟਮਾਰ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਅਜਿਹੀ ਇਕ ਤਾਜ਼ੀ ਘਟਨਾ ਹੋਟਲ ਕੀਜ ਦੇ ਸਾਹਮਣੇ ਵਾਪਰੀ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਬਦਮਾਸ਼ ਔਰਤ ਦੀ ਚੇਨ ਝਪਟ ਕੇ ਫਰਾਰ ਹੋ ਗਏ। ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਮਨਜੋਤ ਕੌਰ ਨੇ ਦੱਸਿਆ ਕਿ ਉਹ ਗੋਲਗੱਪੇ ਖਾਣ ਲਈ ਹੋਟਲ ਕੀਜ ਦੇ ਸਾਹਮਣੇ ਆਈ ਸੀ। ਮਹਿਲਾ ਗੋਲ ਗੱਪੇ ਖਾਨ ਵਿਚ ਮਸ਼ਰੂਫ ਹੋ ਗਈ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ’ਚੋਂ ਇਕ ਔਰਤ ਦੇ ਲਾਗੇ ਆਇਆ ਅਤੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਲਈ। ਬੜੀ ਹੀ ਫੁਰਤੀ ਨਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਉਧਰੋਂ ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਮਨਜੋਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰਨ ਲਈ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।