ਸੜਕ ਹਾਦਸੇ ਦੌਰਾਨ ਔਰਤ ਗੰਭੀਰ ਫੱਟੜ
ਸੜਕ ਹਾਦਸੇ ਦੇ ਦੌਰਾਨ ਔਰਤ ਗੰਭੀਰ ਰੂਪ ਵਿੱਚ ਫੱਟੜ
Publish Date: Sat, 14 Mar 2026 09:11 PM (IST)
Updated Date: Sun, 15 Mar 2026 04:19 AM (IST)
* ਜ਼ਖਮੀ ਨੂੰ ਕਰਵਾਇਆ ਡੀਐੱਮਸੀ ਹਸਪਤਾਲ ਦਾਖਲ, ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਦੁੱਗਰੀ ਦੇ ਫਲਾਵਰ ਚੌਕ ’ਚ ਵਾਪਰੇ ਇਕ ਹਾਦਸੇ ਦੌਰਾਨ ਔਰਤ ਗੰਭੀਰ ਫੱਟੜ ਹੋ ਗਈ। ਹਾਦਸੇ ਦੌਰਾਨ ਔਰਤ ਦੇ ਖੱਬੇ ਪੈਰ ਸਿਰ ਤੇ ਖੱਬੀ ਬਾਂਹ ’ਤੇ ਗੰਭੀਰ ਸੱਟਾ ਲੱਗੀਆਂ। ਜ਼ਖ਼ਮੀ ਹੋਈ ਔਰਤ ਨੂੰ ਇਲਾਜ ਲਈ ਲੁਧਿਆਣੇ ਦੇ ਡੀਐੱਮਸੀ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਜੌਰੀ ਗਾਰਡਨ ਬਾੜੇਵਾਲ ਰੋਡ ਵਾਸੀ ਸੋਨਲ ਜਿੰਦਲ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਆਪਣੇ ਦਿਓਰ ਆਕਾਸ਼ ਗਰਗ ਨਾਲ ਆਪੋ-ਆਪਣੇ ਸਾਈਕਲਾਂ ’ਤੇ ਸਵਾਰ ਹੋ ਕੇ ਜਾ ਰਹੇ ਸਨ। ਜਿਵੇਂ ਹੀ ਉਹ ਫਲਾਵਰ ਚੌਕ ’ਚ ਪਹੁੰਚੇ ਤਾਂ ਸਫੈਦ ਰੰਗ ਦੀ ਬੋਕਸ ਵੈਗਨ ਟਾਈਗੋਨ ਕਾਰ ਨੇ ਉਸ ਦੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਕਾਰ ਦਾ ਚਾਲਕ ਕਾਰ ਨੂੰ ਬੜੀ ਹੀ ਤੇਜ਼ ਰਫਤਾਰੀ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸ ਹਾਦਸੇ ਦੌਰਾਨ ਸੋਨਲ ਦੇ ਖੱਬੇ ਪੈਰ, ਸਿਰ ਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ। ਉਧਰ, ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।