ਟੱਕਰ ਮਾਰਨ ਬਹਾਨੇ ਮਹਿਲਾ ਨਾਲ ਛੇੜਛਾੜ, ਵਿਰੋਧ ਕਰਨ ’ਤੇ ਕੀਤੀ ਕੁੱਟਮਾਰ
ਮੋਟਰਸਾਈਕਲ ਟੱਕਰ ਦੇ ਬਹਾਨੇ ਮਹਿਲਾ ਨਾਲ ਕੀਤੀ ਛੇੜਛਾੜ, ਵਿਰੋਧ ਕਰਨ ’ਤੇ ਡੰਡਿਆਂ ਨਾਲ ਕੀਤੀ ਕੁੱਟਮਾਰ
Publish Date: Wed, 08 Apr 2026 09:02 PM (IST)
Updated Date: Thu, 09 Apr 2026 04:11 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਾਹਨੇਵਾਲ ਇਲਾਕੇ ’ਚ ਬੀਤੇ ਦਿਨੀਂ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿਸ ’ਚ ਕੁਝ ਨੌਜਵਾਨਾਂ ਵੱਲੋਂ ਮੋਟਰਸਾਈਕਲ ਟੱਕਰ ਬਹਾਨੇ ਇਕ ਮਹਿਲਾ ਨਾਲ ਛੇੜਛਾੜ ਕੀਤੀ ਗਈ ਤੇ ਵਿਰੋਧ ਕਰਨ ’ਤੇ ਮਹਿਲਾ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ। ਸ਼ਿਕਾਇਤਕਰਤਾ ਤਰਨਜੀਤ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਮਿਲਟਰੀ ਕੈਂਪ, ਢੋਲੇਵਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਸ਼ਾਮ ਕਰੀਬ 6:30 ਵਜੇ ਸੁਆਮੀ ਵਿਵੇਕਾਨੰਦ ਨਗਰ ਨੇੜੇ ਕਾਮਨੀ ਹਸਪਤਾਲ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੇ ਵਾਹਨ ’ਚ ਮਾਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਰੰਗ ਪਾਉਣ ਦਾ ਬਹਾਨਾ ਬਣਾ ਕੇ ਮਹਿਲਾ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਗ਼ਲਤ ਹਰਕਤਾਂ ਕੀਤੀਆਂ। ਮਾਮਲਾ ਵਧਣ ’ਤੇ ਪੀੜਤ ਜੋੜਾ ਉੱਥੋਂ ਬਚ ਕੇ ਨਿਕਲ ਗਿਆ, ਪਰ ਜਦੋਂ ਉਹ ਅੰਬੇਡਕਰ ਨਗਰ ਦੀ ਗਲੀ ਨੰਬਰ 2 ’ਚ ਪਹੁੰਚੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹੁੱਲੜਬਾਜ਼ੀ ਕਰਦੇ ਹੋਏ ਮੁਲਜ਼ਮਾਂ ਨੇ ਉਨ੍ਹਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਬੇਸਬੈਟ ਨਾਲ ਦੋਹਾਂ ਦੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਹਮਲੇ ਦੌਰਾਨ ਪਤੀ-ਪਤਨੀ ਦੋਵਾਂ ਨੂੰ ਹੀ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਇਸ ਮਾਮਲੇ ’ਚ ਕਮਲੇਸ਼, ਪ੍ਰਮੀਤ ਕਲਸੀ, ਰਵਿੰਦਰ, ਗੋਬਿੰਦ ਸਮੇਤ ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।