ਘਰ ਵੜ ਕੇ ਔਰਤ ਨੇ ਬੱਚੇ ਕੋਲੋਂ ਖੋਹਿਆ ਮੋਬਾਈਲ, ਪਤੀ ਨਾਲ ਹੋਈ ਫ਼ਰਾਰ
ਘਰ ਵੜ ਕੇ ਔਰਤ ਨੇ ਬੱਚੇ ਕੋਲੋਂ ਖੋਹਿਆ ਮੋਬਾਇਲ, ਪਤੀ ਨਾਲ ਹੋਈ ਫਰਾਰ
Publish Date: Fri, 20 Mar 2026 09:28 PM (IST)
Updated Date: Fri, 20 Mar 2026 09:31 PM (IST)

- ਤਫਤੀਸ਼ ਦੌਰਾਨ ਦੋਵੇਂ ਗ੍ਰਿਫ਼ਤਾਰ, ਮੋਬਾਈਲ ਬਰਾਮਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਸਲੇਮ ਟਾਬਰੀ ਇਲਾਕੇ ਦੇ ਮੁਹੱਲੇ ਨੇਤਾ ਜੀ ਨਗਰ ਦੇ ਇੱਕ ਘਰ ਵਿੱਚ ਵੜ ਕੇ ਇੱਕ ਔਰਤ ਨੇ ਘਰ ਵਿੱਚ ਮੋਬਾਈਲ ਚਲਾ ਰਹੇ ਬੱਚੇ ਕੋਲੋਂ ਮੋਬਾਈਲ ਫੋਨ ਖੋਹਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਆਪਣੇ ਪਤੀ ਸਮੇਤ ਐਕਟਿਵਾ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਈ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਲੇਮ ਟਾਬਰੀ ਪੁਲਿਸ ਨੇ ਨੇਤਾ ਜੀ ਨਗਰ ਦੇ ਰਹਿਣ ਵਾਲੇ ਕ੍ਰਿਸ਼ਨ ਲਾਲ ਦੇ ਬਿਆਨ ਉੱਪਰ ਵਾਰਦਾਤ ਕਰਨ ਵਾਲੀ ਮੁਲਜ਼ਮ ਰਿਤੂ ਉਰਫ ਮੰਨੂ ਅਤੇ ਉਸ ਦੇ ਪਤੀ ਰਾਜ ਕੁਮਾਰ ਉਰਫ ਰਾਜੂ ਵਾਸੀ ਜੱਸੀਆਂ ਰੋਡ ਕੁੰਜ ਵਿਹਾਰ ਨੂੰ ਗ੍ਰਿਫ਼ਤਾਰ ਕਰ ਕੇ ਖੋਹਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਸ਼ਿਕਾਇਤ ਕਰਤਾ ਕਿਸ਼ਨ ਲਾਲ ਮੁਤਾਬਿਕ ਵਾਰਦਾਤ ਵਾਲੇ ਦਿਨ ਉਸ ਦੇ ਘਰ ਦਾ ਮੇਨ ਗੇਟ ਖੁੱਲ੍ਹਾ ਸੀ ਅਤੇ ਅੰਦਰ ਕਮਰੇ ਵਿੱਚ ਉਸ ਦੀ ਕਰੀਬ 4 ਸਾਲ ਦੀ ਪੋਤਰੀ ਆਪਣੀ ਮਾਂ ਦੇ ਮੋਬਾਈਲ ਫੋਨ ਨਾਲ ਖੇਡ ਰਹੀ ਸੀ। ਸ਼ਿਕਾਇਤ ਕਰਤਾ ਮੁਤਾਬਿਕ ਉਸ ਦੀ ਪਤਨੀ ਵੀ ਬੱਚੀ ਦੇ ਕੋਲ ਹੀ ਸੋਫੇ ’ਤੇ ਸੁੱਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਦੇ ਮੇਨ ਗੇਟ ਤੋਂ ਇੱਕ ਅਣਪਛਾਤੀ ਔਰਤ ਅੰਦਰ ਦਾਖਲ ਹੋਈ ਅਤੇ ਪੀੜਤ ਦੀ ਪੋਤਰੀ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਖੋਹ ਕੇ ਕਾਹਲੀ ਨਾਲ ਘਰ ਤੋਂ ਬਾਹਰ ਚਲੀ ਗਈ। ਅਜੀਬੋ ਗਰੀਬ ਢੰਗ ਨਾਲ ਘਰ ਵਿੱਚ ਅਣਪਛਾਤੀ ਔਰਤ ਦਾ ਆਉਣਾ ਅਤੇ ਉਸ ਵੱਲੋਂ ਬੱਚੇ ਕੋਲੋਂ ਮੋਬਾਈਲ ਖੋਹ ਕੇ ਭੱਜਣ ਦੀ ਹਰਕਤ ਨੂੰ ਵੇਖ ਉਸ ਦੀ ਪਤਨੀ ਨੇ ਉਕਤ ਔਰਤ ਦਾ ਪਿੱਛਾ ਕਰਦੇ ਹੋਏ ਬਾਹਰ ਆ ਕੇ ਗਲੀ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਮੁਹੱਲੇ ਦਾ ਕੋਈ ਗੁਆਂਢੀ ਮਦਦ ਕਰਨ ਲਈ ਬਾਹਰ ਨਿਕਲਦਾ, ਉਦੋਂ ਤੱਕ ਉਕਤ ਔਰਤ ਐਕਟਿਵ ਸਟਾਰਟ ਕਰ ਕੇ ਬਾਹਰ ਇੰਤਜ਼ਾਰ ਕਰ ਰਹੇ ਇੱਕ ਵਿਅਕਤੀ ਨਾਲ ਮੌਕੇ ਤੋਂ ਫ਼ਰਾਰ ਹੋ ਗਈ। ਉਨ੍ਹਾਂ ਇਸ ਵਾਰਦਾਤ ਦੀ ਜਾਣਕਾਰੀ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ। ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਮੁਤਾਬਿਕ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਰਿਤੂ ਅਤੇ ਉਸ ਦੇ ਪਤੀ ਰਾਜ ਕੁਮਾਰ ਵਜੋਂ ਹੋਈ। ਪੁਲਿਸ ਨੇ ਤਫਤੀਸ਼ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਖੋਹਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ।