ਲਾਲਚ ਵਿੱਚ ਆਈ ਮਹਿਲਾ ਕਾਰੋਬਾਰੀ ਨੇ ਗੁਆਏ 26 ਲੱਖ
ਲਾਲਚ ਵਿੱਚ ਆਈ ਮਹਿਲਾ ਕਾਰੋਬਾਰੀ ਨੇ ਗੁਆਏ 26 ਲੱਖ
Publish Date: Sat, 31 Jan 2026 07:00 PM (IST)
Updated Date: Sat, 31 Jan 2026 07:01 PM (IST)

-ਸ੍ਰੀਨਗਰ ਦੇ ਰਹਿਣ ਵਾਲੇ ਕਾਰੋਬਾਰੀ ਦੇ ਖਿਲਾਫ ਕੇਸ ਦਰਜ -ਆਈਟੀ ਐਕਟ ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੀਤਾ ਨਾਮਜ਼ਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਠੱਗ ਦੇ ਝਾਂਸੇ ਵਿੱਚ ਆਈ ਲੁਧਿਆਣਾ ਦੀ ਇੱਕ ਮਹਿਲਾ ਕਾਰੋਬਾਰੀ ਨੇ 26 ਲੱਖ 98 ਹਜ਼ਾਰ ਰੁਪਏ ਗੁਆ ਲਏ। ਦਰਅਸਲ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਵਿਅਕਤੀ ਨੇ ਮਹਿਲਾ ਨੂੰ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 26 ਲੱਖ 98 ਹਜਾਰ ਰੁਪਏ ਨਿਵੇਸ਼ ਕਰਵਾਏ ਸਨ। ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰੋਇਲ ਵਿਊ ਹੋਮ ਪੱਖੋਵਾਲ ਰੋਡ ਦੀ ਰਹਿਣ ਵਾਲੀ ਸੀਤਾ ਰਾਣੀ ਨੇ ਦੱਸਿਆ ਕਿ ਮੁਲਜਮ ਨੇ ਉਸ ਨਾਲ ਫੋਨ ਦੇ ਜਰੀਏ ਸੰਪਰਕ ਕੀਤਾ। ਉਸ ਨੇ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਇਹ ਆਖਿਆ ਕਿ ਉਹਨਾਂ ਦੀ ਕੰਪਨੀ ਕੋਸ਼ੂਰ ਸਟੋਰ ਪ੍ਰਾਈਵੇਟ ਲਿਮਿਟਡ ਜੰਮੂ ਕਸ਼ਮੀਰ ਵਿੱਚ ਹੈ। ਮੁਲਜ਼ਮ ਨੇ ਕੰਪਨੀ ਵਿੱਚ ਨਿਵੇਸ਼ ਕਰਨ ਦੇ ਨਾਮ ’ਤੇ ਔਰਤ ਕੋਲੋਂ 26 ਲੱਖ 98 ਹਜਾਰ ਰੁਪਏ ਹਾਸਿਲ ਕਰ ਲਏ। ਮੁਲਜਮ ਨੇ ਇਹ ਝਾਂਸਾ ਦਿੱਤਾ ਕਿ ਉਹ ਕੰਪਨੀ ਦੇ ਜ਼ਰੀਏ ਮੋਟਾ ਮੁਨਾਫਾ ਕਮਾਏਗੀ। ਰਕਮ ਨਿਵੇਸ਼ ਕਰਵਾਉਣ ਤੋਂ ਬਾਅਦ ਮੁਲਜਮ ਨੇ ਔਰਤ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਇਸ ਸਬੰਧੀ ਮਹਿਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸ੍ਰੀਨਗਰ ਦੇ ਹਮਦਾਨ ਰੈਜੀਡੈਂਸੀ ਨਰਬਲ ਕਰੋਮਿੰਗ ਦੇ ਵਾਸੀ ਮੋਰਿਸ਼ ਐਡਮ ਸ਼ਮੀਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।