11. 320 ਕਿੱਲੋ ਗਾਂਜਾ ਸਮੇਤ ਔਰਤ ਆਪਣੇ ਸਾਥੀ ਸਣੇ ਕਾਬੂ
11 ਕਿਲੋ 320 ਗ੍ਰਾਮ ਗਾਂਜਾ ਸਮੇਤ ਔਰਤ ਆਪਣੇ ਸਾਥੀ ਸਣੇ ਕਾਬੂ
Publish Date: Sun, 15 Mar 2026 08:26 PM (IST)
Updated Date: Mon, 16 Mar 2026 04:16 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਦੌਰਾਨ ਥਾਣਾ-8 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਪੈਂਦੀ ਪਾਣੀ ਵਾਲੀ ਟੈਂਕੀ ਦੇ ਲਾਗੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 11 ਕਿੱਲੋ 320 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਆਪਣੀ ਟੀਮ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਗੋਲ ਚੌਕ ਰੱਖ ਬਾਗ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਵੱਲ ਪਹੁੰਚੀ ਤਾਂ ਸਟੇਸ਼ਨ ਦੇ ਬੈਕ ਸਾਈਡ ਪਾਣੀ ਵਾਲੀ ਟੰਕੀ ਕੋਲ ਇੱਕ ਨੌਜਵਾਨ ਅਤੇ ਮਹਿਲਾ ਸ਼ੱਕੀ ਹਾਲਤ ’ਚ ਖੜ੍ਹੇ ਨਜ਼ਰ ਆਏ। ਪੁਲਿਸ ਨੂੰ ਵੇਖ ਕੇ ਦੋਵੇਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਨੇ ਤੁਰੰਤ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਵਾਸੀ ਮੁਜ਼ਫ਼ਰਪੁਰ (ਬਿਹਾਰ) ਅਤੇ ਇਨਰ ਦੇਵੀ ਵਾਸੀ ਦਰਭੰਗਾ (ਬਿਹਾਰ) ਵਜੋਂ ਹੋਈ, ਜੋ ਇਸ ਸਮੇਂ ਜਲੰਧਰ ਦੀ ਬਸਤੀ ਬਾਵਾ ਖੇਲ ਵਿੱਚ ਰਹਿ ਰਹੇ ਸਨ। ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 11 ਕਿੱਲੋ 320 ਗ੍ਰਾਮ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਦੋਵਾਂ ਦੇ ਖ਼ਿਲਾਫ਼ ਥਾਣਾ-8 ਵਿੱਚ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮੁਤਾਬਕ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਕਾਬੂ ਕੀਤਾ ਹੈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪਾਬੰਦੀਸ਼ੁਦਾ 70 ਨਸ਼ੀਲੀ ਗੋਲ਼ੀਆਂ ਸਮੇਤ ਜਸਪ੍ਰੀਤ ਸਿੰਘ ਵਾਸੀ ਮੋਹੱਲਾ ਪੀਰੂ ਬੰਦਾ ਨੂੰ ਗ੍ਰਿਫਤਾਰ ਕੀਤਾ। ਥਾਣਾ ਡਿਵੀਜ਼ਨ-2 ਨੇ ਨਸ਼ਾ ਕਰਦੇ ਗੁਰਦਿਤ ਸਿੰਘ ਵਾਸੀ ਇਸਲਾਮਗੰਜ ਨੂੰ ਕਾਬੂ ਕੀਤਾ। ਥਾਣਾ ਡਿਵੀਜ਼ਨ-4 ਨੇ ਨਸ਼ਾ ਕਰਦੇ ਰੋਹਿਤ ਕੁਮਾਰ ਵਾਸੀ ਅਮਨ ਵਿਹਾਰ ਕਾਲੋਨੀ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਡੇਹਲੋਂ ਦੀ ਪੁਲਿਸ ਨੇ ਨਸ਼ਾ ਕਰਦੇ ਬਲਜੀਤ ਸਿੰਘ ਵਾਸੀ ਪਿੰਡ ਸਰੀਹ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਥਾਣਾ ਹੈਬੋਵਾਲ ਦੀ ਪੁਲਿਸ ਨੇ ਨਸ਼ਾ ਕਰਦੇ ਸੰਦੀਪ ਕੁਮਾਰ ਵਾਸੀ ਰਿਸ਼ੀ ਨਗਰ ਨੂੰ ਕਾਬੂ ਕੀਤਾ, ਜਦਕਿ ਥਾਣਾ ਡਿਵੀਜ਼ਨ-5 ਦੀ ਪੁਲਿਸ ਨੇ ਬੱਸ ਸਟੈਂਡ ਨੇੜੇ ਬਾਈਕ ’ਤੇ 100 ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਜਾ ਰਹੇ ਤਰੁਣ ਅਰੋੜਾ ਵਾਸੀ ਫੌਜੀ ਮੁਹੱਲਾ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਨਸ਼ਾ ਤਸਕਰਾਂ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।