ਵਿਆਹ ਦਾ ਝਾਂਸਾ ਦੇ ਕੇ ਵਿਧਵਾ ਨਾਲ 3 ਸਾਲ ਤੱਕ ਕੀਤਾ ਸ਼ੋਸ਼ਣ
ਵਿਆਹ ਦਾ ਝਾਂਸਾ ਦੇ ਕੇ ਵਿਧਵਾ ਨਾਲ 3 ਸਾਲ ਕੀਤਾ ਤੱਕ ਸ਼ੋਸ਼ਣ
Publish Date: Wed, 15 Apr 2026 09:54 PM (IST)
Updated Date: Thu, 16 Apr 2026 04:10 AM (IST)

* ਨਿਊਡ ਫੋਟੋਆਂ ਨਾਲ ਬਲੈਕਮੇਲ ਕਰ ਕੇ ਲੁੱਟੇ ਲੱਖਾਂ, ਮੁਲਜ਼ਮ ਪੁਲਿਸ ਰਿਮਾਂਡ ਤੇ ਫੋਟੋ 55 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ’ਚ ਇਕ ਵਿਧਵਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਤਿੰਨ ਸਾਲਾਂ ਤੱਕ ਉਸ ਨਾਲ ਸਰੀਰਕ ਸ਼ੋਸ਼ਣ, ਬਲੈਕਮੇਲਿੰਗ ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ’ਚ ਮੁੱਖ ਮੁਲਜ਼ਮ ਪ੍ਰੋਹਿਤ ਕੁਮਾਰ ਸਿੰਘਲ ਨੂੰ ਮੁਜ਼ੱਫ਼ਰਨਗਰ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨੂੰ ਹੋਵੇਗੀ। ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਸਾਲ 2021 ’ਚ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਲੁਧਿਆਣਾ ’ਚ ਰਹਿ ਰਹੀ ਸੀ। ਤਕਰੀਬਨ ਤਿੰਨ ਸਾਲ ਪਹਿਲਾਂ ਇਕ ਪਰਿਵਾਰਕ ਸਮਾਗਮ ਦੌਰਾਨ ਉਸ ਦੀ ਮੁਲਾਕਾਤ ਹਰਿਆਣਾ ਦੇ ਪਾਣੀਪੱਤ ਵਾਸੀ ਮੁਲਜ਼ਮ ਨਾਲ ਹੋਈ। ਮੁਲਜ਼ਮ ਨੇ ਖ਼ੁਦ ਨੂੰ ਕੁਆਰਾ ਦੱਸ ਕੇ ਮਹਿਲਾ ਦਾ ਭਰੋਸਾ ਜਿੱਤ ਲਿਆ ਤੇ ਹੌਲੀ-ਹੌਲੀ ਉਸ ਨਾਲ ਨਜ਼ਦੀਕੀਆਂ ਵਧਾ ਲਈਆਂ। ਕੁਝ ਸਮੇਂ ਬਾਅਦ ਦੋਹਾਂ ਨੇ ਜੁਲਾਈ 2023 ’ਚ ਇਕ ਮੰਦਰ ’ਚ ਵਿਆਹ ਕਰ ਲਿਆ, ਪਰ ਬਾਅਦ ’ਚ ਮਹਿਲਾ ਨੂੰ ਪਤਾ ਲੱਗਿਆ ਕਿ ਦੋਸ਼ੀ ਪਹਿਲਾਂ ਹੀ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਇਹ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਨੇ ਮਹਿਲਾ ਦੀਆਂ ਅਰਧ-ਨਗਨ ਤੇ ਨਿਊਡ ਤਸਵੀਰਾਂ ਖਿੱਚ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਅਨੁਸਾਰ, ਦੋਸ਼ੀ ਨੇ ਕਦੇ ਕਾਰੋਬਾਰ ’ਚ ਨੁਕਸਾਨ ਦਾ ਬਹਾਨਾ ਬਣਾਇਆ ਤੇ ਕਦੇ ਰਾਜਸਥਾਨ ਦੇ ਅਲਵਰ ’ਚ ਨਵਾਂ ਕੰਮ ਸ਼ੁਰੂ ਕਰਨ ਦੇ ਨਾਂ ਤੇ ਉਸ ਤੋਂ 8 ਤੋਂ 10 ਲੱਖ ਰੁਪਏ ਹੜੱਪ ਲਏ। ਇਸ ਤੋਂ ਇਲਾਵਾ ਉਸ ਨੇ ਮਹਿਲਾ ਦੇ ਘਰੋਂ 3 ਲੱਖ ਰੁਪਏ ਨਕਦ, ਕਰੀਬ 12 ਤੋਲੇ ਸੋਨਾ ਤੇ ਮੋਬਾਈਲ ਫੋਨ ਵੀ ਲੈ ਲਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਨਕਲੀ ਦਸਤਾਵੇਜ਼ ਤਿਆਰ ਕਰਕੇ ਮਹਿਲਾ ਨੂੰ ਆਪਣੀ ਪਤਨੀ ਵਜੋਂ ਦਰਸਾ ਕੇ ਪਾਸਪੋਰਟ ਅਰਜ਼ੀ ’ਚ ਵੀ ਵਰਤਿਆ। ਹੋਰ ਗੰਭੀਰ ਦੋਸ਼ਾਂ ’ਚ ਇਹ ਵੀ ਸ਼ਾਮਲ ਹੈ ਕਿ ਕਈ ਵਾਰ ਦੋਸ਼ੀ ਨੇ ਮਹਿਲਾ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਦੀ ਸਿਹਤ ਖਰਾਬ ਕਰ ਦਿੱਤੀ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਫਿਲਹਾਲ ਲੁਧਿਆਣਾ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਤੋਂ ਹੋਰ ਖੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ।