ਬਿੱਲ ਮੰਗਣ 'ਤੇ ਗੁੰਡਾਗਰਦੀ: ਪੈਸੇ ਦੇਣ ਦੀ ਬਜਾਏ ਤਾਣੀ ਰਿਵਾਲਵਰ, ਹਵਾਈ ਫਾਇਰ ਕਰਕੇ ਇਲਾਕੇ 'ਚ ਫੈਲਾਈ ਦਹਿਸ਼ਤ
ਸੁੰਦਰ ਨਗਰ ਵਿੱਚ ਪੈਂਦੇ ਸ਼ਰਾਬ ਦੇ ਅਹਾਤੇ ਫਰੈਂਡ ਚਿਕਨ ਕਾਰਨਰ ਵਿੱਚ ਸ਼ਰਾਬ ਅਤੇ ਖਾਣ-ਪੀਣ ਦੇ ਬਿੱਲ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਉਸ ਵੇਲੇ ਸਨਸਨੀਖੇਜ਼ ਘਟਨਾ ਵਿੱਚ ਬਦਲ ਗਿਆ, ਜਦੋਂ ਦੋ ਨੌਜਵਾਨਾਂ ਨੇ ਕਥਿਤ ਤੌਰ ’ਤੇ ਰਿਵਾਲਵਰ ਕੱਢ ਕੇ ਅਹਾਤਾ ਮੁਲਾਜ਼ਮ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਦੋ ਹਵਾਈ ਫਾਇਰ ਵੀ ਕੀਤੇ ਗਏ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਸੂਝਬੂਝ ਅਤੇ ਹਿੰਮਤ ਕਾਰਨ ਦੋਵੇਂ ਮੁਲਜ਼ਮ ਹਥਿਆਰ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤੇ ਗਏ।
Publish Date: Fri, 12 Jun 2026 12:53 PM (IST)
Updated Date: Fri, 12 Jun 2026 12:56 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸੁੰਦਰ ਨਗਰ ਵਿੱਚ ਪੈਂਦੇ ਸ਼ਰਾਬ ਦੇ ਅਹਾਤੇ ਫਰੈਂਡ ਚਿਕਨ ਕਾਰਨਰ ਵਿੱਚ ਸ਼ਰਾਬ ਅਤੇ ਖਾਣ-ਪੀਣ ਦੇ ਬਿੱਲ ਨੂੰ ਲੈ ਕੇ ਹੋਇਆ ਮਾਮੂਲੀ ਵਿਵਾਦ ਉਸ ਵੇਲੇ ਸਨਸਨੀਖੇਜ਼ ਘਟਨਾ ਵਿੱਚ ਬਦਲ ਗਿਆ, ਜਦੋਂ ਦੋ ਨੌਜਵਾਨਾਂ ਨੇ ਕਥਿਤ ਤੌਰ ’ਤੇ ਰਿਵਾਲਵਰ ਕੱਢ ਕੇ ਅਹਾਤਾ ਮੁਲਾਜ਼ਮ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਦੋ ਹਵਾਈ ਫਾਇਰ ਵੀ ਕੀਤੇ ਗਏ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਸੂਝਬੂਝ ਅਤੇ ਹਿੰਮਤ ਕਾਰਨ ਦੋਵੇਂ ਮੁਲਜ਼ਮ ਹਥਿਆਰ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤੇ ਗਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਆਕਾਸ਼ ਨੇ ਦੱਸਿਆ ਕਿ ਉਹ ਸੁੰਦਰ ਨਗਰ ’ਚ ਫਰੈਂਡ ਕਾਰਨਰ ਅਹਾਤੇ ਵਿੱਚ ਮੌਜੂਦ ਸੀ। ਇਸ ਦੌਰਾਨ ਦੋ ਵਿਅਕਤੀ ਉੱਥੇ ਆਏ ਅਤੇ ਸ਼ਰਾਬ ਪੀਣ ਦੇ ਨਾਲ-ਨਾਲ ਖਾਣ-ਪੀਣ ਦਾ ਸਮਾਨ ਵੀ ਮੰਗਵਾਇਆ। ਜਦੋਂ ਬਿੱਲ ਦੀ ਅਦਾਇਗੀ ਕਰਨ ਲਈ ਕਿਹਾ ਗਿਆ ਤਾਂ ਦੋਵਾਂ ਨੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੱਲ ਵਧਦਿਆਂ ਧੱਕਾ-ਮੁੱਕੀ ਤੱਕ ਪਹੁੰਚ ਗਈ।
ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਰਿਵਾਲਵਰ ਕੱਢ ਕੇ ਉਸ ਉੱਤੇ ਤਾਣ ਦਿੱਤਾ। ਆਪਣੀ ਜਾਨ ਨੂੰ ਖ਼ਤਰਾ ਦੇਖਦਿਆਂ ਉਹ ਕਿਸੇ ਤਰ੍ਹਾਂ ਉਥੋਂ ਬਚ ਨਿਕਲਿਆ। ਇਸ ਤੋਂ ਬਾਅਦ ਮੁਲਜ਼ਮ ਸੜਕ ’ਤੇ ਆ ਗਏ ਅਤੇ ਕਥਿਤ ਤੌਰ ’ਤੇ ਦੋ ਹਵਾਈ ਫਾਇਰ ਕਰਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਮੁਲਜਮ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ।
ਘਟਨਾ ਤੋਂ ਤੁਰੰਤ ਬਾਅਦ ਆਕਾਸ਼, ਉਸ ਦੇ ਭਰਾ ਸੁਨੀਲ ਕੁਮਾਰ ਉਰਫ਼ ਸੰਨੀ ਅਤੇ ਹੋਰ ਮੌਜੂਦ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਦੇ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਨ ਸ਼ਰਮਾ ਅਤੇ ਅੰਕੁਸ਼ ਸ਼ਰਮਾ ਵਜੋਂ ਕੀਤੀ ਹੈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਰਿਵਾਲਵਰ, 22 ਐੱਮਐੱਮ ਦੇ ਛੇ ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਪੁਲਿਸ ਨੇ ਮੌਕੇ ’ਤੇ ਬਰਾਮਦਗੀ ਦੀ ਵੀਡੀਓਗ੍ਰਾਫੀ ਵੀ ਕਰਵਾਈ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਵਿੱਚ ਜੁੱਟ ਗਈ ਹੈ।