ਹੁਣ ਇਸ ਗੰਭੀਰ ਮਾਮਲੇ ’ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਖ਼ਰੀਦਣ ਤੋਂ ਆਨਾ-ਕਾਨੀ ਕਰਨ ਨਾਲ ਦਾਣਾ ਮੰਡੀਆਂ ਵਿੱਚ ਮਾਹੌਲ ਡਰ ਵਾਲਾ ਬਣ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਉਨ੍ਹਾਂ ਦੀ ਫਸਲ ਦੀ ਫੌਰੀ ਤੌਰ ’ਤੇ ਖ਼ਰੀਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਤੇ ਮਿਹਨਤ ਦਾ ਸਹੀ ਮੁੱਲ ਮਿਲ ਸਕੇ।

ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਦਾਣਾ ਮੰਡੀਆਂ ਵਿੱਚ ਵਿਕਣ ਲਈ ਆਈ ਕਣਕ ਦੀ ਫ਼ਸਲ ਵਿੱਚ ਸੁੰਗੜੇ ਦਾਣੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਦੀ ਫ਼ਸਲ ਖਰੀਦਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਕਿਉਂਕਿ ਮਾਰਚ ਮਹੀਨੇ ਵਿੱਚ ਸਮੇਂ ਤੋਂ ਪਹਿਲਾਂ ਵਧ ਗਰਮੀ ਪੈਣ ਕਰਕੇ ਕਣਕ ਦੇ ਨਿਸ਼ਾਰੇ ਉੱਪਰ ਬੁਰਾ ਪ੍ਰਭਾਵ ਪਿਆ ਸੀ, ਜੋ ਕਿ ਕੇਂਦਰੀ ਅਨਾਜ ਭੰਡਾਰ ਦੇ ਮਾਪਦੰਡ ਮੁਤਾਬਿਕ ਸਹੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਮੰਡੀਆਂ ਵਿੱਚ ਰੁਲ੍ਹਣ ਲੱਗ ਪਈ ਹੈ।
ਪਿਛਲੇ ਇੱਕ ਹਫ਼ਤੇ ਤੋਂ ਦਾਣਾ ਮੰਡੀ ਰਾਏਕੋਟ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਚੱਲ ਰਹੀ ਹੈ ਪ੍ਰੰਤੂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅੰਨਦਾਤਾ ਕਿਸਾਨ ਜਿੱਥੇ ਆਪਣੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਰਾਤਾਂ ਦੇ ਫਾਕੇ ਕੱਟਣ ਲਈ ਮਜ਼ਬੂਰ ਹੋ ਚੱਕਾ ਹੈ, ਉੱਥੇ ਹੀ ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਰਦੀਆਂ ਦੇ ਚੱਲ ਰਹੇ ਮੌਸਮ ਵਿੱਚ ਆਏ ਬਦਲਾਅ ਕਾਰਨ ਇਕਦਮ ਤਾਪਮਾਨ ਵਿੱਚ ਵਾਧਾ ਹੋ ਗਿਆ ਸੀ, ਜਿਸ ਨਾਲ ਕਣਕ ਦੀ ਫਸਲ ਉੱਪਰ ਕੁਦਰਤੀ ਰੂਪ ਵਿੱਚ ਮਾਰ ਪੈ ਗਈ ਅਤੇ ਕਣਕ ਦੇ ਦਾਣੇ ਸੁੰਗੜਨ ਦੀ ਸਮੱਸਿਆ ਸਾਹਮਣੇ ਆਈ ਹੈ।
ਹੁਣ ਇਸ ਗੰਭੀਰ ਮਾਮਲੇ ’ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਖ਼ਰੀਦਣ ਤੋਂ ਆਨਾ-ਕਾਨੀ ਕਰਨ ਨਾਲ ਦਾਣਾ ਮੰਡੀਆਂ ਵਿੱਚ ਮਾਹੌਲ ਡਰ ਵਾਲਾ ਬਣ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਉਨ੍ਹਾਂ ਦੀ ਫਸਲ ਦੀ ਫੌਰੀ ਤੌਰ ’ਤੇ ਖ਼ਰੀਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਤੇ ਮਿਹਨਤ ਦਾ ਸਹੀ ਮੁੱਲ ਮਿਲ ਸਕੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਾਣਾ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ, ਉੱਥੇ ਹੀ ਪਿਛਲੇ 20-25 ਦਿਨਾਂ ਤੋਂ ਮੌਸਮ ਵਿੱਚ ਚੱਲ ਰਹੀ ਖਰਾਬੀ ਕਾਰਨ ਵੀ ਕਿਸਾਨਾਂ ਦੀਆਂ ਚਿੰਤਾਵਾਂ ਵਧ ਚੁੱਕੀਆਂ ਹਨ।
ਜੇਕਰ ਇੱਕ-ਦੋ ਦਿਨਾਂ ਵਿੱਚ ਖ਼ਰੀਦ ਸ਼ੁਰੂ ਨਾ ਹੋਈ ਤਾਂ ਕਣਕ ਦੀ ਵਾਢੀ ਉੱਪਰ ਬੁਰਾ ਪ੍ਰਭਾਵ ਪਵੇਗਾ, ਉੱਥੇ ਹੀ ਮੰਡੀਆਂ ਵਿੱਚ ਹੋਰ ਕਣਕ ਢੇਰੀ ਕਰਨ ਲਈ ਜਗ੍ਹਾ ਦੀ ਵੱਡੀ ਰੜਕੇਗੀ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਮੁੱਖ ਮੰਤਰੀ ਪੰਜਾਬ ਅਤੇ ਫੂਡ ਸਕੱਤਰ ਪੰਜਾਬ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਇਸ ਮਸਲੇ ਵੱਲ ਫੌਰੀ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਹਾੜ੍ਹੀ ਦੀ ਫਸਲ ਕਣਕ ਨੂੰ ਸਮੇਂ ਸਿਰ ਵੇਚ ਕੇ ਆਪਣਾ ਕੰਮ ਨਿਪਟਾ ਸਕਣ। ਇਸ ਮੌਕੇ ਗੁਰਜੀਤ ਜੰਡ, ਸ਼ਿਵ ਕੁਮਾਰ, ਹੇਮਰਾਜ ਬਾਂਸਲ, ਰਾਜੂ ਧੂਰਕੋਟ, ਪ੍ਰਭ ਬਾਂਸਲ, ਕੁਲਵੰਤ ਸਿੰਘ ਸੰਤ, ਗੋਪੀ ਗੁਪਤਾ ਆਦਿ ਹਾਜ਼ਰ ਸਨ।