- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਅਦਾ ਪੂਰਾ ਨਾ ਹੋਣ ’ਤੇ ਮੁੜ ਸੰਘਰਸ਼ ਦੀ ਚੇਤਾਵਨੀ

- ਵਿਦਿਆਰਥੀਆਂ ਦਾ ਕਹਿਣਾ ਅਜੇ ਤੱਕ ਨਹੀਂ ਮਿਲਿਆ ਵਧਾਇਆ ਗਿਆ ਸਟਾਈਪੈਂਡ
- 34 ਦਿਨਾਂ ਦੇ ਅਣਮਿੱਥੇ ਧਰਨੇ ਤੋਂ ਬਾਅਦ ਦਿੱਤਾ ਗਿਆ ਸੀ ਭਰੋਸਾ
ਫੋਟੋ ਨੰਬਰ-1
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ’ਚ ਬੀਵੀਐੱਸਸੀ ਤੇ ਏਐੱਚ ਦੇ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਨੂੰ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਦੇ ਬਾਵਜੂਦ ਅਜੇ ਤੱਕ ਵਧਾਇਆ ਗਿਆ ਸਟਾਈਪੈਂਡ (ਵਜ਼ੀਫ਼ਾ) ਨਹੀਂ ਮਿਲਿਆ। ਵੈਟਰਨਰੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਡਾ.ਅਵਨੀਤ ਜੱਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਦਵਾਇਆ ਗਿਆ ਸੀ ਕਿ ਉਨ੍ਹਾਂ ਦਾ ਮਹੀਨਾਵਾਰ ਸਟਾਈਪੈਂਡ 15,000 ਤੋਂ ਵਧਾ ਕੇ 22,000 ਰੁਪਏ ਕੀਤਾ ਜਾਵੇਗਾ। ਇਹ ਭਰੋਸਾ ਕਈ ਮੀਟਿੰਗਾਂ ਹੋਣ ਤੋਂ ਬਾਅਦ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਪ੍ਰਿੰਸੀਪਲ ਸਕੱਤਰ (ਪਸ਼ੂ ਪਾਲਣ) ਰਾਹੁਲ ਭੰਡਾਰੀ ਤੇ ਯੂਨੀਵਰਸਿਟੀ ਅਧਿਕਾਰੀ ਸ਼ਾਮਲ ਸਨ। ਇਹ ਭਰੋਸਾ ਇੰਟਰਨਾਂ ਵੱਲੋਂ ਕੀਤੇ 34 ਦਿਨਾਂ ਦੇ ਅਨਿਸ਼ਚਿਤਕਾਲੀਨ ਧਰਨੇ ਤੋਂ ਬਾਅਦ ਦਿੱਤਾ ਗਿਆ ਸੀ। 28 ਅਕਤੂਬਰ 2025 ਨੂੰ ਚੰਡੀਗੜ੍ਹ ਸਕੱਤਰੇਤ ਵਿਖੇ ਹੋਈ ਇੱਕ ਅਧਿਕਾਰਕ ਮੀਟਿੰਗ ’ਚ ਵਿੱਤ ਮੰਤਰੀ ਹਰਪਾਲ ਚੀਮਾ, ਪ੍ਰਿੰਸੀਪਲ ਸਕੱਤਰ ( ਪਸ਼ੂ ਪਾਲਣ) ਰਾਹੁਲ ਭੰਡਾਰੀ ਅਤੇ ਵੀਸੀ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਸਟਾਈਪੈਂਡ ਨੂੰ 22,000 ਰੁਪਏ ਪ੍ਰਤੀ ਮਹੀਨਾ ਕਰਨ ‘ਤੇ ਸਹਿਮਤੀ ਦਿੱਤੀ ਸੀ। ਇਸ ਤੋਂ ਬਾਅਦ ਪੰਜਾਬ ਦੇ ਵਿੱਤ ਵਿਭਾਗ ਨੇ 12 ਜਨਵਰੀ 2026 ਨੂੰ ਇਸ ਵਾਧੇ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ, ਜੋ 19 ਜਨਵਰੀ 2026 ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਯੂਨੀਵਰਸਿਟੀ ਨੂੰ ਭੇਜਿਆ ਗਿਆ। ਇਸ ਵਾਧੇ ਦਾ ਐਲਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ 13 ਨਵੰਬਰ 2025 ਨੂੰ ਰਾਮਪੁਰਾ ਫੂਲ ’ਚ ਹੋਏ ਪਸ਼ੂ ਪਾਲਣ ਮੇਲੇ ਦੌਰਾਨ ਵੀ ਕੀਤਾ ਗਿਆ ਸੀ। ਵੀਸੀ ਡਾ. ਗਿੱਲ ਨੇ ਵੀ ਵਿਦਿਆਰਥੀਆਂ ਸਾਹਮਣੇ ਐਲਾਨ ਕੀਤਾ ਸੀ ਕਿ ਨਵਾਂ ਸਟਾਈਪੈਂਡ ਜਨਵਰੀ 2026 ਤੋਂ ਲਾਗੂ ਕੀਤਾ ਜਾਵੇਗਾ। ਹਾਲਾਂਕਿ, ਇਨ੍ਹਾਂ ਸਾਰੇ ਭਰੋਸਿਆਂ ਤੇ ਅਧਿਕਾਰਕ ਸੰਚਾਰ ਦੇ ਬਾਵਜੂਦ, ਇੰਟਰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਕੇਵਲ 15,000 ਰੁਪਏ ਪ੍ਰਤੀ ਮਹੀਨਾ ਹੀ ਮਿਲ ਰਿਹਾ ਹੈ ਅਤੇ ਵਧੇ ਹੋਏ ਸਟਾਈਪੈਂਡ ਦੀ ਕੋਈ ਕਾਰਵਾਈ ਲਾਗੂ ਨਹੀਂ ਹੋਈ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵੀਸੀ, ਰਜਿਸਟਰਾਰ ਅਤੇ ਕੰਪਟਰੋਲਰ ਸਮੇਤ ਯੂਨੀਵਰਸਿਟੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ, ਪਰ ਉਨ੍ਹਾਂ ਨੂੰ ਸਿਰਫ ਭਰੋਸੇ ਹੀ ਮਿਲੇ ਹਨ। ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਇਸ ਦੇਰੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਤੁਰੰਤ ਮਨਜ਼ੂਰਸ਼ੁਦਾ ਸਟਾਈਪੈਂਡ ਲਾਗੂ ਕਰਨ ਅਤੇ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਤੇ ਆਉਣ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਯੂਨੀਅਨ ਦੇ ਆਗੂ ਹਾਜ਼ਰ ਸਨ।