ਨਸ਼ਿਆਂ ਖ਼ਿਲਾਫ਼ ਕਾਰਵਾਈ ’ਚ ਢਿੱਲ ਬਰਦਾਸ਼ਤ ਨਹੀਂ : ਸੀਪੀ
ਨਸ਼ਿਆਂ ਖ਼ਿਲਾਫ਼ ਯੁੱਧ ਹੋਰ ਤੇਜ਼: ਸੀਪੀ ਸਵਪਨ ਸ਼ਰਮਾ ਨੇ ਵਾਰਡ ਤੇ ਪਿੰਡ ਰੱਖਿਆ ਕਮੇਟੀਆਂ ਨਾਲ ਕੀਤੀ ਅਹਿਮ ਮੀਟਿੰਗ
Publish Date: Fri, 02 Jan 2026 08:56 PM (IST)
Updated Date: Fri, 02 Jan 2026 08:59 PM (IST)

ਨਸ਼ਿਆਂ ਖ਼ਿਲਾਫ਼ ਯੁੱਧ ਹੋਰ ਤੇਜ਼: ਸੀਪੀ ਸਵਪਨ ਸ਼ਰਮਾ ਨੇ ਵਾਰਡ ਤੇ ਪਿੰਡ ਰੱਖਿਆ ਕਮੇਟੀਆਂ ਨਾਲ ਕੀਤੀ ਅਹਿਮ ਮੀਟਿੰਗ -ਲਾਪਰਵਾਹੀ ਕਰਨ ਵਾਲੇ ਮੁਲਾਜ਼ਮਾਂ ਤੇ ਕੀਤੀ ਜਾਵੇਗੀ ਸਖਤੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੁਲਿਸ ਲਾਈਨਜ਼ ਵਿੱਚ ਵਾਰਡ ਅਤੇ ਪਿੰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਨਸ਼ਾ ਵਿਰੋਧੀ ਮੁਹਿੰਮ ਵਿੱਚ ਕਮੇਟੀਆਂ ਦੀ ਭੂਮਿਕਾ ਦੀ ਸਮੀਖਿਆ ਕਰਨਾ ਅਤੇ ਮੈਂਬਰਾਂ ਦੀਆਂ ਸ਼ਿਕਾਇਤਾਂ ਤੇ ਸੁਝਾਅ ਸੁਣਨਾ ਸੀ। ਇਹ ਮੀਟਿੰਗ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਜਿਸ ਦੌਰਾਨ ਕਈ ਕਮੇਟੀ ਮੈਂਬਰਾਂ ਨੇ ਪੁਲਿਸ ਨਾਲ ਸਾਂਝੇ ਤੌਰ ‘ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਸੀਪੀ ਸ਼ਰਮਾ ਨੇ ਸਾਰੇ ਥਾਣਾ ਮੁਖੀਆਂ (ਐਸਐਚਓਜ਼) ਨੂੰ ਸਖ਼ਤ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕਮੇਟੀ ਮੈਂਬਰ ਨਸ਼ਾ ਤਸਕਰਾਂ ਬਾਰੇ ਕੋਈ ਵੀ ਸੂਚਨਾ ਦਿੰਦੇ ਹਨ, ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਮੀਟਿੰਗ ਕਾਫ਼ੀ ਅਹਿਮ ਸੀ । ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵ ਅਤੇ ਫੀਡਬੈਕ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਕਈ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਕਮੇਟੀ ਮੈਂਬਰਾਂ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹੀ ਸੰਭਵ ਹੋਈ ਹੈ। ਸੀਪੀ ਸ਼ਰਮਾ ਨੇ ਕਿਹਾ “ਨਸ਼ਾ ਤਸਕਰੀ ਖ਼ਿਲਾਫ਼ ਸਾਡੀ ਨੀਤੀ ‘ਜ਼ੀਰੋ ਟੋਲਰੈਂਸ’ ਦੀ ਹੈ। ਵਾਰਡ ਅਤੇ ਪਿੰਡ ਰੱਖਿਆ ਕਮੇਟੀਆਂ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ ‘ਤੇ ਰੋਕ ਲਗਾਉਣ ਵਿੱਚ ਪੁਲਿਸ ਲਈ ਵੱਡਾ ਸਹਾਰਾ ਸਾਬਤ ਹੋ ਰਹੀਆਂ ਹਨ। ਇਨ੍ਹਾਂ ਕਮੇਟੀਆਂ ਦੀ ਮਦਦ ਨਾਲ ਕਈ ਨਸ਼ਾ ਪੀੜਤਾਂ ਨੂੰ ਡੀ-ਅੱਡਿਕਸ਼ਨ ਸੈਂਟਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਤਾਂ ਜੋ ਉਹ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਐਸਐਚਓਜ਼ ਨੂੰ ਕਮੇਟੀਆਂ ਨਾਲ ਤਾਲਮੇਲ ਬਣਾਕੇ ਨਸ਼ਾ ਤਸਕਰੀ ਦੇ ਗਿਰੋਹਾਂ ਦੀ ਕਮਰ ਤੋੜਣ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। “ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਪਾ ਕੇ ਨਸ਼ਾ ਤਸਕਰੀ ਦੀ ਕਮਰ ਤੋੜੀ ਹੈ, ਪਰ ਜੇ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਪੁਲਿਸ ਦਾ ਸਾਥ ਦੇਵੇ, ਤਾਂ ਇਹ ਮੁਹਿੰਮ ਹੋਰ ਵੀ ਮਜ਼ਬੂਤ ਹੋਵੇਗੀ,” ਇਸ ਦਰਮਿਆਨ ਕੁੱਝ ਕਮੇਟੀ ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ‘ਤੇ ਕੁਝ ਪੁਲਿਸ ਕਰਮਚਾਰੀ ਢਿੱਲੀ ਪ੍ਰਤੀਕਿਰਿਆ ਦਿੰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਮੇਟੀ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ‘ਤੇ ਨਿਗਰਾਨੀ ਲਈ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ। ਮੀਟਿੰਗ ਦੇ ਅੰਤ ‘ਚ ਪੁਲਿਸ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਨਸ਼ਿਆਂ ਖ਼ਿਲਾਫ਼ ਇਸ ਲੜਾਈ ਵਿੱਚ ਕਮੇਟੀਆਂ ਦੀ ਹਰ ਸੂਚਨਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।