ਵਰਿੰਦਾਵਨ ਹਾਦਸਾ: ਸਾਬਕਾ ਮੰਤਰੀ ਆਸ਼ੂ ਨੇ ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ; ਕਿਹਾ- ਪੂਰੇ ਲੁਧਿਆਣਾ ਦੀ ਰੂਹ ਕੰਬ ਉੱਠੀ
ਵਰਿੰਦਾਵਨ ਦੀ ਪਵਿੱਤਰ ਯਮੁਨਾ ਨਦੀ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੂਰੇ ਪੰਜਾਬ, ਖ਼ਾਸ ਕਰਕੇ ਲੁਧਿਆਣਾ ਅਤੇ ਜਗਰਾਉਂ ਨੂੰ ਡੂੰਘੇ ਸਦਮੇ ਵਿੱਚ ਡੁਬੋ ਦਿੱਤਾ ਹੈ। ਅੱਜ ਸ਼ਮਸ਼ਾਨ ਘਾਟ ਵਿਖੇ ਜਦੋਂ ਵਿਛੜੇ ਸ਼ਰਧਾਲੂਆਂ ਦੀਆਂ ਚਿਤਾਵਾਂ ਨੂੰ ਅਗਨ ਭੇਂਟ ਕੀਤਾ ਗਿਆ, ਤਾਂ ਉੱਥੇ ਮੌਜੂਦ ਹਰ ਅੱਖ ਨਮ ਸੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਸ਼ੇਸ਼ ਤੌਰ 'ਤੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਅਤੇ ਅੰਤਿਮ ਵਿਦਾਈ ਦੇਣ ਪਹੁੰਚੇ।
Publish Date: Sat, 11 Apr 2026 12:38 PM (IST)
Updated Date: Sat, 11 Apr 2026 12:44 PM (IST)

ਲੁਧਿਆਣਾ/ਜਗਰਾਉਂ (ਬਿਊਰੋ) - ਵਰਿੰਦਾਵਨ ਦੀ ਪਵਿੱਤਰ ਯਮੁਨਾ ਨਦੀ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੂਰੇ ਪੰਜਾਬ, ਖ਼ਾਸ ਕਰਕੇ ਲੁਧਿਆਣਾ ਅਤੇ ਜਗਰਾਉਂ ਨੂੰ ਡੂੰਘੇ ਸਦਮੇ ਵਿੱਚ ਡੁਬੋ ਦਿੱਤਾ ਹੈ। ਅੱਜ ਸ਼ਮਸ਼ਾਨ ਘਾਟ ਵਿਖੇ ਜਦੋਂ ਵਿਛੜੇ ਸ਼ਰਧਾਲੂਆਂ ਦੀਆਂ ਚਿਤਾਵਾਂ ਨੂੰ ਅਗਨ ਭੇਂਟ ਕੀਤਾ ਗਿਆ, ਤਾਂ ਉੱਥੇ ਮੌਜੂਦ ਹਰ ਅੱਖ ਨਮ ਸੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਸ਼ੇਸ਼ ਤੌਰ 'ਤੇ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਅਤੇ ਅੰਤਿਮ ਵਿਦਾਈ ਦੇਣ ਪਹੁੰਚੇ।
"ਪ੍ਰਸਾਦ ਦੀ ਥਾਂ ਘਰਾਂ 'ਚ ਪਰਤੇ ਵਿਦਾਈ ਦੇ ਫੁੱਲ"
ਭਾਰਤ ਭੂਸ਼ਣ ਆਸ਼ੂ ਨੇ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਆਪਣਾ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਹਾਦਸਾ ਹਿਰਦੇਵੇਦਕ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੱਥਾਂ ਵਿੱਚ ਬਾਂਕੇ ਬਿਹਾਰੀ ਦਾ ਪ੍ਰਸਾਦ ਹੋਣਾ ਚਾਹੀਦਾ ਸੀ, ਅੱਜ ਉਨ੍ਹਾਂ ਹੱਥਾਂ ਵਿੱਚ ਵਿਦਾਈ ਦੇ ਫੁੱਲ ਹਨ। ਆਸ਼ੂ ਨੇ ਕਿਹਾ:
"ਅੱਜ ਜਗਰਾਉਂ ਖ਼ਾਮੋਸ਼ ਹੈ। ਇਹ ਘਾਟਾ ਸਿਰਫ਼ ਕੁਝ ਘਰਾਂ ਦਾ ਨਹੀਂ, ਸਗੋਂ ਸਾਡੇ ਪੂਰੇ ਸ਼ਹਿਰ ਦੀ ਰੂਹ ਨੂੰ ਝੰਜੋੜਨ ਵਾਲਾ ਹੈ। ਮਾਵਾਂ, ਬੱਚੇ ਅਤੇ ਨੌਜਵਾਨ ਜੋ ਖੁਸ਼ੀ-ਖੁਸ਼ੀ ਦਰਸ਼ਨਾਂ ਲਈ ਗਏ ਸਨ, ਉਨ੍ਹਾਂ ਦੀਆਂ ਮੁਸਕਰਾਹਟਾਂ ਹਮੇਸ਼ਾ ਲਈ ਸ਼ਾਂਤ ਹੋ ਗਈਆਂ ਹਨ।"
ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ
ਸ਼ਮਸ਼ਾਨ ਘਾਟ ਵਿਖੇ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਉਹ ਅਤੇ ਸਮੁੱਚਾ ਕਾਂਗਰਸ ਪਰਿਵਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੀੜਤ ਪਰਿਵਾਰਾਂ ਦੀ ਸਰਕਾਰੀ ਅਤੇ ਨਿੱਜੀ ਪੱਧਰ 'ਤੇ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾਵੇਗੀ।
ਤੀਰਥ ਯਾਤਰਾਵਾਂ ਦੀ ਸੁਰੱਖਿਆ 'ਤੇ ਪ੍ਰਾਰਥਨਾ
ਆਸ਼ੂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਵਿੱਖ ਵਿੱਚ ਅਜਿਹੀ ਕੋਈ ਅਣਹੋਣੀ ਨਾ ਵਾਪਰੇ ਅਤੇ ਕਿਸੇ ਵੀ ਸ਼ਰਧਾਲੂ ਦੀ ਤੀਰਥ ਯਾਤਰਾ ਮਾਤਮ ਵਿੱਚ ਨਾ ਬਦਲੇ। ਉਨ੍ਹਾਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ।