ਸੰਜੇ ਗਾਂਧੀ ਕਾਲੋਨੀ ਦੋ ਧਿਰਾਂ ਭਿੜੀਆਂ
ਸੰਜੇ ਗਾਂਧੀ ਕਾਲੋਨੀ ਵਿੱਚ ਦੋ ਧਿਰਾਂ ਵਿੱਚ ਜਬਰਦਸਤ ਝੜਪ
Publish Date: Thu, 12 Mar 2026 11:04 PM (IST)
Updated Date: Thu, 12 Mar 2026 11:06 PM (IST)
- ਪੰਜ ਘੰਟਿਆਂ ਤੱਕ ਚੱਲਿਆ ਗੁੰਡਾਗਰਦੀ ਦਾ ਨੰਗਾ ਨਾਚ,
- ਤੇਜ਼ਧਾਰ ਹਥਿਆਰਾਂ ਨਾਲ ਕੀਤੀ ਗਈ ਭੰਨ ਤੋੜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੀ ਸੰਜੇ ਗਾਂਧੀ ਕਾਲੋਨੀ ਵਿੱਚ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਧਿਰਾਂ ਵਿਚਾਲੇ ਭਿਆਨਕ ਝੜਪ ਹੋ ਗਈ। ਇਹ ਹੰਗਾਮਾ ਲਗਭਗ ਪੰਜ ਘੰਟੇ ਤੱਕ ਚੱਲਦਾ ਰਿਹਾ, ਜਿਸ ਚਲਦਿਆਂ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਪੁਲਿਸ ਮੁਤਾਬਕ ਦੇਰ ਰਾਤ ਕਾਲੋਨੀ ਦੇ ਕੁਝ ਨੌਜਵਾਨ ਇੱਕ ਥਾਂ ਇਕੱਠੇ ਹੋਏ ਸਨ, ਜਿੱਥੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਗੱਲਬਾਤ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਹੀ ਸਮੇਂ ਵਿੱਚ ਪੱਥਰਬਾਜ਼ੀ ਵਿੱਚ ਤਬਦੀਲ ਹੋ ਗਿਆ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਉੱਤੇ ਪੱਥਰ ਸੁੱਟੇ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਤਾਂ ਸ਼ਰਾਰਤੀ ਤੱਤ ਮੌਕੇ ਤੋਂ ਭੱਜ ਗਏ, ਪਰ ਕੁਝ ਸਮੇਂ ਬਾਅਦ ਕਰੀਬ 6 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੁੜ ਆ ਗਏ। ਉਨ੍ਹਾਂ ਨੇ ਗਲੀਆਂ ਵਿੱਚ ਖੜੀਆਂ ਗੱਡੀਆਂ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ।
ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਜ਼ਬਰਦਸਤ ਪੱਥਰਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ। ਕੁਝ ਵਿਅਕਤੀ ਤਲਵਾਰਾਂ ਅਤੇ ਹੋਰ ਹਥਿਆਰ ਲਹਿਰਾਉਂਦੇ ਵੀ ਨਜ਼ਰ ਆ ਰਹੇ ਹਨ।
ਪੁਲਿਸ ਕਾਰਵਾਈ ਤੋਂ ਵੀ ਬੇਖੌਫ ਸਨ ਮੁਲਜ਼ਮ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਸੀ ਅਤੇ ਪੰਜਾਬ ਪੁਲਿਸ ਦੀ ਪੀਸੀਆਰ ਗੱਡੀ ਨੇ ਇਲਾਕੇ ਵਿੱਚ ਗਸ਼ਤ ਵੀ ਕੀਤੀ। ਪਰ ਦੋਸ਼ ਹੈ ਕਿ ਜਿਵੇਂ ਹੀ ਪੁਲਿਸ ਦੀ ਗੱਡੀ ਆਉਂਦੀ ਸੀ ਤਾਂ ਦੋਸ਼ੀ ਭੱਜ ਜਾਂਦੇ ਅਤੇ ਗੱਡੀ ਜਾਣ ਮਗਰੋਂ ਮੁੜ ਆ ਕੇ ਹੰਗਾਮਾ ਕਰਨ ਲੱਗ ਪੈਂਦੇ ਸਨ। ਵੀਰਵਾਰ ਸਵੇਰੇ ਇਲਾਕਾ ਵਾਸੀਆਂ ਨੇ ਡਿਵੀਜ਼ਨ ਨੰਬਰ 7 ਥਾਣੇ ਵਿੱਚ ਪਹੁੰਚ ਕੇ ਇਸ ਸੰਬੰਧੀ ਲਿਖਤੀ ਸ਼ਿਕਾਇਤ ਦਿੱਤੀ।
ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਨੇ ਦੱਸਿਆ ਕਿ ਸਥਾਨਕ ਲੋਕਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਨੂੰ ਵੀ ਜਾਂਚ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸੰਘਣੀ ਅਬਾਦੀ ਵਾਲੀ ਇਸ ਕਾਲੋਨੀ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ।