ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ 20 ਤੋਂ
ਵੈਟਰਨਰੀ ਯੂਨੀਵਰਸਿਟੀ ਦਾ ਦੋ ਰੋਜ਼ਾ ‘ਪਸ਼ੂ ਪਾਲਣ ਮੇਲਾ’ 20 ਤੋਂ
Publish Date: Sun, 15 Mar 2026 07:53 PM (IST)
Updated Date: Mon, 16 Mar 2026 04:16 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 20 ਅਤੇ 21 ਮਾਰਚ ਨੂੰ ਦੋ ਦਿਨਾ ‘ਪਸ਼ੂ ਪਾਲਣ ਮੇਲਾ’ਕਰਵਾਏਗੀ। ਡਾ. ਜਤਿੰਦਰ ਪਾਲ ਸਿੰਘ ਗਿੱਲ ਵਾਈਸ ਚਾਂਸਲਰ ਵੈਟਰਨਰੀ ਯੂਨੀਵਰਸਿਟੀ ਨੇ ਕਿਹਾ ਕਿ ਮੇਲੇ ਲਈ ਅਸੀਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੱਦਾ ਦਿੰਦੇ ਹਾਂ। ਜਿੱਥੇ ਮੇਲੇ ਵਿੱਚ ਪਸ਼ੂ ਪਾਲਣ ਅਤੇ ਕਿਸਾਨੀ ਨਾਲ ਸੰਬੰਧਿਤ ਵੱਖੋ-ਵੱਖਰੇ ਵਿਭਾਗ ਹਿੱਸਾ ਲੈਣਗੇ ਉੱਥੇ ਵੱਡੀ ਪੱਧਰ ’ਤੇ ਕੰਪਨੀਆਂ ਆਪਣੀਆਂ ਦਵਾਈਆਂ, ਉਪਕਰਨ, ਮਸ਼ੀਨਰੀ ਅਤੇ ਪਸ਼ੂਆਂ ਨਾਲ ਸੰਬੰਧਿਤ ਸਹੂਲਤਾਂ ਬਾਰੇ ਸਟਾਲ ਲਗਾਉਣਗੇ। ਯੂਨੀਵਰਸਿਟੀ ਦੀ ਅਗਵਾਈ ਅਧੀਨ ਕੰਮ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਸਟਾਲ ਲਗਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਮੇਲਾ ਅਸੀਂ ‘ਪਸ਼ੂ ਪਾਲਣ : ਰਵਾਇਤੀ ਤੋਂ ਵਿਸ਼ਵ ਪੱਧਰ ਤੱਕ’ ਵਿਸ਼ੇ ਨੂੰ ਅਧਾਰ ਬਣਾ ਕੇ ਕਰ ਰਹੇ ਹਾਂ। ਇਸਦੇ ਤਹਿਤ ਅਸੀਂ ਆਪਣੇ ਰਵਾਇਤੀ ਅਤੇ ਪਰੰਪਰਾਗਤ ਢਾਂਚੇ ਦੀਆਂ ਖੂਬੀਆਂ ਨੂੰ ਨਾਲ ਲੈ ਕੇ ਆਲਮੀ ਸੋਚ, ਲੋੜਾਂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਪਹੁੰਚ ਨੂੰ ਅਪਣਾਉਣ ਦਾ ਸੰਕਲਪ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਨੂੰ ਅਪਨਾਉਣ ਅਤੇ ਉਤਸ਼ਾਹਿਤ ਕਰਨ ਵਾਲੇ ਚਾਰ ਕਿਸਾਨਾਂ ਨੂੰ ਮੱਝਾਂ, ਮੱਛੀਆਂ, ਸੂਰ ਅਤੇ ਬੱਕਰੀ ਪਾਲਣ ਦੇ ਖੇਤਰ ਵਿੱਚ ‘ਮੁੱਖ ਮੰਤਰੀ ਪੁਰਸਕਾਰ’ਨਾਲ ਵੀ ਨਿਵਾਜ਼ਿਆ ਜਾਵੇਗਾ। ਡਾ ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਵੈਟਰਨਰੀ ਅਤੇ ਪਸ਼ੂ ਵਿਗਿਆਨ, ਡੇਅਰੀ, ਪੋਲਟਰੀ, ਫ਼ਿਸ਼ਰੀਜ਼ ਸੰਬੰਧੀ ਤਕਨੀਕਾਂ ਦਾ ਪ੍ਰਦਰਸ਼ਨ ਹੋਵੇਗਾ ਅਤੇ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਸਵਾਲਾਂ ਜਵਾਬਾਂ ਦਾ ਸੈਸ਼ਨ ਵੀ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਉਤਮ ਨਸਲ ਦੇ ਪਸ਼ੂ, ਮੱਝਾਂ, ਬੱਕਰੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ਵੀ ਉਪਲਬਧ ਹੋਵੇਗਾ। ਪਸ਼ੂਆਂ ਦੀ ਨਸਲ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਵਸਤਾਂ ਸੰਬੰਧੀ ਮਸ਼ੀਨਰੀ, ਦਵਾਈਆਂ, ਟੀਕਿਆਂ, ਪਸ਼ੂ ਫੀਡ ਨਾਲ ਸੰਬੰਧਿਤ ਕੰਪਨੀਆਂ ਅਤੇ ਵਿਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ਵਿਚ ਮੌਜੂਦ ਹੋਣਗੇ। ਮੇਲੇ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਧਾਤਾਂ ਦੇ ਚੂਰੇ, ਪਸ਼ੂ ਚਾਟ, ਬਾਈਪਾਸ ਫੈਟ, ਪਰਾਲੀ ਨੂੰ ਯੂਰੀਏ ਨਾਲ ਸੋਧਣ ਸੰਬੰਧੀ ਦੱਸਿਆ ਜਾਏਗਾ। ਕਿਸਾਨਾਂ ਨੂੰ ਲੇਵੇ ਦੀ ਸੋਜ, ਦੁੱਧ ਦੀ ਜਾਂਚ, ਪਸ਼ੂ ਜ਼ਹਿਰਬਾਦ, ਅੰਦਰੂਨੀ ਪਰਜੀਵੀਆਂ ਬਾਰੇ ਜਾਗਰੂਕ ਕੀਤਾ ਜਾਏਗਾ। ਪਸ਼ੂ ਦੇ ਖੂਨ, ਗੋਹੇ, ਪਿਸ਼ਾਬ, ਚਮੜੀ, ਫੀਡ ਦੇ ਨਮੂਨੇ, ਦੁੱਧ ਅਤੇ ਚਾਰਿਆਂ ਦੇ ਜ਼ਹਿਰਬਾਦ ਸੰਬੰਧੀ ਮੇਲੇ ਦੌਰਾਨ ਜਾਂਚ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਪਸ਼ੂ ਪਾਲਣ ਕਿੱਤਿਆਂ ’ਚ ਮਸਨੂਈ ਗਿਆਨ ਦੀ ਉਭਰ ਰਹੀ ਮਹੱਤਤਾ ਬਾਰੇ ਵੀ ਮਾਹਿਰ ਜਾਣਕਾਰੀ ਦੇਣਗੇ। ਇਸ ਖੇਤਰ ਵਿੱਚ ਆ ਰਹੇ ਸਮਾਰਟ ਕਾਲਰ, ਪੈਡੋਮੀਟਰ, ਚਿਹਰੇ ਦੀ ਪਛਾਣ ਪ੍ਰਣਾਲੀ, ਪਸ਼ੂ ਦੀ ਚਾਲ ਨਿਰੀਖਣ ਢਾਂਚਾ, ਆਟੋਮੈਟਿਕ ਫੀਡ ਮੈਨੇਜਰ, ਰੋਬੋਟ ਕੈਮਰੇ ਅਤੇ ਹੋਰ ਕਈ ਢੰਗਾਂ, ਤਕਨੀਕਾਂ ਬਾਰੇ ਜਾਣੂ ਕੀਤਾ ਜਾਵੇਗਾ। ਫਾਰਮਾਂ ਦੀ ਜੈਵਿਕ ਸੁਰੱਖਿਆ ਸੰਬੰਧੀ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਪਛਾਣ ਅਤੇ ਉਨ੍ਹਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਸੰਬੰਧੀ ਜਾਗਰੂਕਤਾ ਦਿੱਤੀ ਜਾਵੇਗੀ। ਇਸ ਮਕਸਦ ਲਈ ਵਰਤੇ ਜਾਣ ਵਾਲੇ ਢੰਗ ਅਤੇ ਅਭਿਆਸ ਪਸ਼ੂ ਪਾਲਕਾਂ ਨੂੰ ਦੱਸੇ ਜਾਣਗੇ।