ਵੈਟਰਨਰੀ ਯੂਨੀਵਰਸਿਟੀ ਦੀ ਐਥਲੈਟਿਕਸ ਮੀਟ ਕੱਲ੍ਹ
ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਕੱਲ
Publish Date: Sun, 01 Mar 2026 06:09 PM (IST)
Updated Date: Sun, 01 Mar 2026 06:10 PM (IST)

ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ ਕਰਨਗੇ ਉਦਘਾਟਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 18ਵੀਂ ਐਥਲੈਟਿਕਸ ਮੀਟ ਨੂੰ ਲੈ ਕੇ ਸਭ ਗਤੀਵਿਧੀਆਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ, ਇਹ ਜਾਣਕਾਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਅਥਲੈਟਿਕ ਮੀਟ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ, ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਸਵੇਰੇ 10 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਂਡ ਵਿਚ ਕਰਨਗੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ ਚਾਂਸਲਰ ਨੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ ਅਤੇ ਰਾਸ਼ਟਰ ਦਾ ਨਾਂ ਉੱਚਾ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਦਿਨ ਜਿੱਥੇ ਮਾਨਸਿਕ ਤਣਾਓ ਤੋਂ ਰਾਹਤ ਦਿੰਦੇ ਹਨ, ਉੱਥੇ ਇਹ ਖੁਸ਼ੀ, ਖੇੜ੍ਹਾ ਉਨ੍ਹਾਂ ’ਤੇ ਦੇਰ ਤੱਕ ਸਿਹਤਮੰਦ ਪ੍ਰਭਾਵ ਵੀ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਬਹੁਤ ਅਹਿਮ ਪ੍ਰਾਪਤੀਆਂ ਕਰ ਰਹੇ ਹਨ। ਸਰਵ ਭਾਰਤੀ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਊਨ੍ਹਾਂ ਨੇ ਬੜੀਆਂ ਸਿਰਮੌਰ ਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਡਾ. ਬਿਲਾਵਲ ਸਿੰਘ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿਚ ਸਥਾਪਿਤ ਕਾਲਜਾਂ, ਕਾਲਜ ਆਫ ਵੈਟਰਨਰੀ ਸਾਇੰਸ, ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਤੋਂ ਇਲਾਵਾ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ, (ਬਠਿੰਡਾ), ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ (ਬਠਿੰਡਾ) ਅਤੇ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀ ਵੀ ਹਿੱਸਾ ਲੈਣਗੇ। ਡਾ. ਔਲਖ ਨੇ ਦੱਸਿਆ ਕਿ ਖਿਡਾਰੀਆਂ ਦੀ ਹਰ ਸਹੂਲਤ ਵਾਸਤੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਮੁੱਢਲੀ ਸਹਾਇਤਾ, ਰਿਕਾਰਡ ਰੱਖਣ ਸਬੰਧੀ, ਗਰਾਊਂਡਾਂ ਦੇ ਪ੍ਰਬੰਧ ਸੰਬੰਧੀ ਅਤੇ ਕਿਸੇ ਹੋਰ ਅਚਨਚੇਤੀ ਲੋੜ ਵਾਸਤੇ ਜ਼ਿੰਮੇਵਾਰੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਡਾ. ਪ੍ਰਤੀਕ ਸਿੰਘ ਧਾਲੀਵਾਲ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਵੱਲੋਂ ਬਿਹਤਰੀਨ ਘੁੜਸਵਾਰੀ ਪ੍ਰਦਰਸ਼ਨ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।