ਥਾਣਿਆਂ ਦੀ ਹੱਦਬੰਦੀ ’ਚ ਉਲਝਿਆ ਲੁਟੇਰਿਆਂ ਦਾ ਸ਼ਿਕਾਰ ਵੈਟਰਨਰੀ ਡਾਕਟਰ
ਥਾਣਿਆਂ ਦੀ ਹੱਦਬੰਦੀ ’ਚ ਉਲਝਿਆ ਲੁਟੇਰਿਆਂ ਦਾ ਸ਼ਿਕਾਰ ਵੈਟਰਨਰੀ ਡਾਕਟਰ
Publish Date: Mon, 09 Feb 2026 07:22 PM (IST)
Updated Date: Mon, 09 Feb 2026 07:26 PM (IST)

ਥਾਣਿਆਂ ਦੀ ਹੱਦਬੰਦੀ ’ਚ ਉਲਝਿਆ ਲੁਟੇਰਿਆਂ ਦਾ ਸ਼ਿਕਾਰ ਵੈਟਰਨਰੀ ਡਾਕਟਰ ਵਾਰਦਾਤ ਦੇ 46 ਦਿਨ ਬੀਤ ਜਾਣ ਦੇ ਬਾਵਜੂਦ ਨਹੀਂ ਹੋ ਰਿਹਾ ਮੁਕੱਦਮਾ ਦਰਜ ਫੋਟੋ ਨੰਬਰ-32 ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ ਥਾਣਿਆਂ ਦੀ ਹੱਦਬੰਦੀ ਅਤੇ ਪੁਲਿਸ ਦੀ ਕਥਿਤ ਲਾਪਰਵਾਹੀ ਕਾਰਨ ਇੱਕ ਪਸ਼ੂ ਪਰਿਚਾਰਕ (ਵੈਟਰਨਰੀ ਡਾਕਟਰ )ਪਿਛਲੇ 46 ਦਿਨਾਂ ਤੋਂ ਇਨਸਾਫ ਲਈ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ। ਮਾਮਲਾ 23 ਦਸੰਬਰ ਦੀ ਰਾਤ ਦਾ ਹੈ, ਜਦੋਂ ਜੀਆਰਡੀ ਕਾਲੋਨੀ, ਪਿੰਡ ਕੱਕਾ ਦੇ ਵਾਸੀ ਸੋਨੂ ਕੁਮਾਰ ਨਾਲ 7 ਬਦਮਾਸ਼ਾਂ ਨੇ ਬੇਰਹਮੀ ਨਾਲ ਕੁੱਟਮਾਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਤੋਂ ਬਾਅਦ ਅੱਜ ਤੱਕ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਨਹੀਂ ਹੋ ਸਕਿਆ। ਪੀੜਤ ਸੋਨੂ ਕੁਮਾਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰ ਜਾ ਕੇ ਪਸ਼ੂਆਂ ਦਾ ਇਲਾਜ ਕਰਦਾ ਹੈ। 23 ਦਸੰਬਰ ਦੀ ਰਾਤ ਕਰੀਬ 9 ਵਜੇ ਉਹ ਇੱਕ ਘਰ ਵਿੱਚ ਕੁੱਤੇ ਦਾ ਇਲਾਜ ਕਰਕੇ ਵਾਪਸ ਆ ਰਿਹਾ ਸੀ। ਰਾਤ ਕਰੀਬ 10:30 ਵਜੇ ਜਦੋਂ ਉਹ ਜਗੀਰਪੁਰ ਕੱਟ ਤੋਂ ਥੋੜ੍ਹਾ ਅੱਗੇ ਪਾਣੀ ਦੇ ਛੱਪੜ ਕੋਲ ਪਹੁੰਚਿਆ, ਤਾਂ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ 7 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਪਹਿਲਾਂ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਲੋਹੇ ਦੀ ਰਾਡ ਤੇ ਡੰਡਿਆਂ ਨਾਲ ਹਮਲਾ ਕੀਤਾ। ਹਮਲਾ ਕਰਨ ਤੋਂ ਬਾਅਦ ਉਸ ਦੀ ਪੈਂਟ ਦੀ ਜੇਬ ਵਿੱਚੋਂ 2 ਮੋਬਾਈਲ ਫੋਨ ਅਤੇ 18,940 ਰੁਪਏ ਨਕਦ ਲੁੱਟ ਲਏ। ਕੁੱਟਮਾਰ ਦੌਰਾਨ ਉਸ ਦੀ ਪੈਂਟ ਤੱਕ ਫਾੜ ਦਿੱਤੀ ਗਈ, ਜੋ ਅਜੇ ਵੀ ਸਬੂਤ ਵਜੋਂ ਉਸ ਕੋਲ ਮੌਜੂਦ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਸੋਨੂ ਕੁਮਾਰ ਨੇ ਦੱਸਿਆ ਕਿ ਉਹ ਜ਼ਖ਼ਮੀ ਹਾਲਤ ਵਿੱਚ ਕਰੀਬ ਇੱਕ ਘੰਟਾ ਉਥੇ ਹੀ ਬੈਠਾ ਰਿਹਾ। ਕੁਝ ਸਮੇਂ ਬਾਅਦ ਉਹ ਕਿਸੇ ਤਰ੍ਹਾਂ ਮੇਹਰਬਾਨ ਚੁੰਗੀ ਤੱਕ ਪਹੁੰਚਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਪੀਸੀਆਰ ਟੀਮ ਨੂੰ ਸੂਚਨਾ ਦਿੱਤੀ, ਸੋਨੂ ਨੇ ਦੋਸ਼ ਲਗਾਇਆ ਕਿ ਕੋਈ ਵੀ ਪੁਲਿਸ ਮੁਲਾਜ਼ਮ ਉਸ ਦੀ ਮਦਦ ਲਈ ਮੌਕੇ ‘ਤੇ ਨਹੀਂ ਪਹੁੰਚਿਆ। ਥਾਣਿਆਂ ਦੀ ਹੱਦਬੰਦੀ ਨੂੰ ਲੈ ਕੇ ਮਾਮਲਾ ਉਲਝਿਆ ਅਗਲੇ ਦਿਨ ਜਦੋਂ ਪੀੜਤ ਥਾਣਾ ਟਿੱਬਾ ਗਿਆ ਤਾਂ ਪੁਲਿਸ ਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਇਹ ਉਨ੍ਹਾਂ ਦੇ ਥਾਣਾ ਖੇਤਰ ਵਿੱਚ ਨਹੀਂ ਆਉਂਦਾ। ਇਸ ਤੋਂ ਬਾਅਦ ਉਹ ਥਾਣਾ ਮੇਹਰਬਾਨ ਗਿਆ। ਸੋਨੂ ਨੇ ਦੋਸ਼ ਲਗਾਇਆ ਕਿ ਪਹਿਲੇ ਪੰਜ ਦਿਨ ਤੱਕ ਮੁੰਸ਼ੀ ਨੇ ਉਸ ਦੀ ਗੱਲ ਹੀ ਨਹੀਂ ਸੁਣੀ। ਬਾਅਦ ਵਿੱਚ ਜਦੋਂ ਕਿਸੇ ਤਰ੍ਹਾਂ ਗੱਲ ਹੋਈ ਤਾਂ ਉੱਥੇ ਵੀ ਪੁਲਿਸ ਨੇ ਆਪਣੇ ਥਾਣਾ ਖੇਤਰ ਵਿੱਚ ਨਹੀਂ ਦੱਸਿਆ ਗਿਆ। ਪੀੜਤ ਨੂੰ ਇਹ ਕਹਿ ਕੇ ਟਾਲਿਆ ਗਿਆ ਕਿ ਜਿਸ ਪੀਸੀਆਰ ਨੂੰ ਸੂਚਨਾ ਦਿੱਤੀ ਗਈ ਸੀ, ਉਸ ਤੋਂ ਫੋਨ ਕਰਵਾਉਣ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ। ਪੀੜਤ ਦਾ ਦੋਸ਼ ਹੈ ਕਿ ਉਹ ਲਗਾਤਾਰ ਥਾਣਿਆਂ ਦੇ ਚੱਕਰ ਲਗਾਉਂਦਾ ਰਿਹਾ, ਪਰ ਪੁਲਿਸ ਕਰਮਚਾਰੀਆਂ ਨੇ ਉਸ ਦਾ ਮਾਮਲਾ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਤੀਜੇ ਵਜੋਂ 46 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਸ ਦੀ ਸ਼ਿਕਾਇਤ ‘ਤੇ ਕੋਈ ਐਫਆਈਆਰ ਦਰਜ ਨਹੀਂ ਹੋਈ। ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਜਗਦੀਪ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ, ਪਰ ਹੁਣ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰਵਾ ਦਿੱਤਾ ਜਾਵੇਗਾ।