ਕਾਗਜ਼ਾਂ ’ਚ ਹੇਰਾਫੇਰੀ ਕਰ ਕਈ ਹੱਥਾਂ ’ਚ ਵੇਚੀ ਗਈ ਗੱਡੀ
ਕਾਗਜ਼ਾਂ ਵਿੱਚ ਹੇਰਾਫੇਰੀ ਕਰ ਕਈ ਹੱਥਾਂ ’ਚ ਵੇਚੀ ਗਈ ਗੱਡੀ
Publish Date: Thu, 19 Mar 2026 09:14 PM (IST)
Updated Date: Fri, 20 Mar 2026 04:16 AM (IST)

* ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ, ਜਾਲਸਾਜ਼ੀ ਦੇ ਵੱਡੇ ਰੈਕਟ ਦੀ ਸੰਭਾਵਨਾ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ’ਚ ਵਾਹਨਾਂ ਨਾਲ ਸੰਬੰਧਿਤ ਠੱਗੀ ਦੇ ਇਕ ਗੰਭੀਰ ਮਾਮਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ’ਚ ਫਾਇਨੈਂਸ ਕਰਵਾ ਕੇ ਲਈ ਗਈ ਕਾਰ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਅੱਗੇ ਵੇਚ ਕੇ ਧੋਖਾਧੜੀ ਕੀਤੀ ਗਈ। ਇਸ ਸਬੰਧੀ ਥਾਣਾ-5 ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਦਰਖ਼ਾਸਤ ’ਚ ਸ਼ਿਕਾਇਤਕਰਤਾ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਵਾਸੀ ਰਾਹੁਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਕਰਨ ਕਪੂਰ ਨੇ ਸਾਲ 2020 ’ਚ ਇਕ ਬੈਂਕ ਤੋਂ ਕਾਰ ਫਾਇਨੈਂਸ ਕਰਵਾ ਕੇ ਖਰੀਦੀ ਸੀ। ਸ਼ੁਰੂਆਤੀ ਕਿਸ਼ਤਾਂ ਭਰਨ ਤੋਂ ਬਾਅਦ ਮੁਲਜ਼ਮ ਨੇ ਬਾਕੀ ਰਹਿੰਦੀਆਂ ਕਿਸ਼ਤਾਂ ਦੀ ਅਦਾਇਗੀ ਕਰਨ ਦੀ ਬਜਾਏ ਧੋਖੇ ਨਾਲ ਗੱਡੀ ਨੂੰ ਜਾਲਸਾਜ਼ੀ ਭਰੇ ਦਸਤਾਵੇਜ਼ ਤਿਆਰ ਕਰਕੇ ਅੱਗੇ ਵੇਚ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਪਹਿਲਾਂ ਇਹ ਕਾਰ ਸੰਦੀਪ ਸ਼ਰਮਾ ਨੂੰ ਵੇਚੀ ਅਤੇ ਬਾਅਦ ਵਿੱਚ ਇਸ ਨੂੰ ਹੋਰ ਵਿਅਕਤੀ ਨੂੰ ਟਰਾਂਸਫਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਕਾਗਜ਼ਾਂ ਦੀ ਹੇਰਾਫੇਰੀ ਅਤੇ ਸਾਜ਼ਿਸ਼ ਰਾਹੀਂ ਧੋਖਾਧੜੀ ਕੀਤੀ ਗਈ, ਜਿਸ ਨਾਲ ਬੈਂਕ ਅਤੇ ਹੋਰ ਪੱਖਾਂ ਨੂੰ ਨੁਕਸਾਨ ਪਹੁੰਚਿਆ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਮੁਲਜ਼ਮ ਕਰਨ ਕਪੂਰ, ਨਿਊ ਸੁੰਦਰ ਨਗਰ ਗਿੱਲ ਕਲੋਨੀ ਲੁਹਾਰਾ ਦੇ ਵਾਸੀ ਦਵਿੰਦਰ ਸਿੰਘ ਅਤੇ ਗਾਂਧੀ ਮਾਰਕੀਟ ਲਵ ਕੁਸ਼ ਨਗਰ ਦੇ ਵਾਸੀ ਸੰਦੀਪ ਸ਼ਰਮਾ ਖ਼ਿਲਾਫ਼ ਧਾਰਾ 420, 465, 467, 468, 471 ਅਤੇ 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ’ਚ ਹੋਰ ਵੀ ਕਈ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ। ਪੁਲਿਸ ਅਨੁਸਾਰ ਇਹ ਮਾਮਲਾ ਇਕ ਸੁਚੱਜੇ ਢੰਗ ਨਾਲ ਚੱਲ ਰਹੇ ਠੱਗੀ ਦੇ ਜਾਲ ਵੱਲ ਇਸ਼ਾਰਾ ਕਰਦਾ ਹੈ, ਜਿਸ ਵਿੱਚ ਫਾਇਨੈਂਸ ਕੀਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।