ਵਿਰਸੇ ਤੇ ਸੱਭਿਆਚਾਰ ਨੂੰ ਸਮਰਪਿਤ ਸਮਾਗਮ ਮੌਕੇ ਕਰਵਾਏ ਮੁਕਾਬਲੇ
ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਸਮਾਗਮ ਮੌਕੇ ਕਰਵਾਏ ਵੱਖ ਵੱਖ ਮੁਕਾਬਲੇ
Publish Date: Thu, 23 Apr 2026 08:08 PM (IST)
Updated Date: Fri, 24 Apr 2026 04:10 AM (IST)

ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਆਦਰਸ਼ ਮਨੁੱਖ ਦੀ ਸਾਜਨਾ ਕੀਤੀ : ਡਾ.ਗੋਸਲ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਦੀ ਕਲਾਮਤਕ ਪ੍ਰਤਿਭਾ ਨੂੰ ਪਛਾਣਨ ਅਤੇ ਵਿਸਾਖੀ ਦੇ ਤਿਉਹਾਰ ਨੂੰ ਜਾਨਣ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਵਿਰਸੇ ਤੇ ਸੱਭਿਆਚਾਰ ਨੂੰ ਸਮਰਪਿਤ ਇਸ ਸਮਾਗਮ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਡਾ. ਗੋਸਲ ਨੇ ਕਿਹਾ ਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਗਊ ਗਰੀਬ ਅਤੇ ਬੇਸਹਾਰਿਆਂ ਦੀ ਰੱਖਿਆ ਲਈ ਆਦਰਸ਼ ਮਨੁੱਖ ਦੀ ਸਾਜਨਾ ਕੀਤੀ। ਡਾ. ਗੋਸਲ ਨੇ ਅਜੋਕੇ ਪ੍ਰਸੰਗ ਵਿੱਚ ਵਿਸਾਖੀ ਦੇ ਮਹੱਤਵ ਨੂੰ ਦ੍ਰਿੜ ਕਰਵਾਇਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਵਿਰਾਸਤ ਦੀ ਸਾਂਭ-ਸੰਭਾਲ ਲਈ ਪੀਏਯੂ. ਵੱਲੋਂ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਪਾਇਆ। ਸਮਾਗਮ ਦੇ ਮੁੱਖ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਸਿੱਖ ਸਕਾਲਰ ਡਾ. ਹਰਪਾਲ ਸਿੰਘ ਪੰਨੂ ਨੇ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਅਧਿਆਤਮਕ ਅਤੇ ਆਰਥਿਕ ਮਹੱਤਤਾ ਬਾਰੇ ਗੱਲ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਇਸ ਦਿਨ ਵਿਦਿਆਰਥੀਆਂ ਦੀ ਕਲਾਤਮਕ ਰੁਚੀਆਂ ਨੂੰ ਹੋਰ ਤੀਬਰ ਕਰਨ ਲਈ ਹੁਨਰ ਖੋਜ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਇਹ ਦਿਨ ਵਿਰਾਸਤੀ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਪ੍ਰਫੁੱਲਿਤ ਕਰ ਸਕੇ। ਇਸ ਮੌਕੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੱਭਿਆਚਾਰਕ ਪੇਸ਼ਕਾਰੀਆਂ ਦੀ ਲੜੀ ਵਿੱਚ ਲੋਕਗੀਤ, ਲੋਕ ਨਾਚ ਅਤੇ ਲੋਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਉੱਘੇ ਕਵੀਸ਼ਰ ਮੰਡੇਰ ਬ੍ਰਦਰਜ਼ ਨੇ ਵਿਰਾਸਤੀ ਕਵੀਸ਼ਰੀ ਗਾ ਕੇ ਰੰਗ ਬੰਨ੍ਹ ਦਿੱਤਾ। ਯੂਨੀਵਰਸਿਟੀ ਵੱਲੋਂ ਇਸ ਮੌਕੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਗੁਰਤੇਗ ਸਿੰਘ ਨੇ ਪਹਿਲਾ, ਨਵਦੀਪ ਸਿੰਘ ਅਤੇ ਹਰਸ਼ਾਨਦੀਪ ਸਿੰਘ ਨੇ ਦੂਜਾ ਅਤੇ ਦਵਿੰਦਰ ਸਿੰਘ ਅਤੇ ਚਰਨਕੰਵਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਰਾਂਦਾ ਗੁੰਦਣ ਦੇ ਮੁਕਾਬਲੇ ਵਿੱਚ ਨਵਪ੍ਰੀਤ ਕੌਰ ਪਹਿਲੇ, ਇਸ਼ਮੀਤ ਕੌਰ ਦੂਜੇ ਅਤੇ ਗੁਨਵੀਰ ਕੌਰ ਤੀਜੇ ਸਥਾਨ ’ਤੇ ਰਹੇ। ਫੁਲਕਾਰੀ ਦੀ ਕਢਾਈ ’ਚ ਸੁਖਮਨਜੋਤ ਕੌਰ ਨੂੰ ਪਹਿਲਾ, ਗਗਨਪ੍ਰੀਤ ਕੌਰ ਨੂੰ ਦੂਸਰਾ ਤੇ ਜਸ਼ਨਪ੍ਰੀਤ ਕੌਰ ਨੂੰ ਤੀਸਰਾ ਸਥਾਨ ਹਾਸਲ ਹੋਇਆ। ਇੰਨੂ ਬਣਾਉਣ ਦੇ ਮੁਕਾਬਲੇ ’ਚ ਮਨਦੀਪ ਕੌਰ, ਅਮਰਵੀਰ ਸਿੰਘ ਤੇ ਰਵਨੀਤ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਪੋਸਟਰ ਬਣਾਉਣ ਦਾ ਮੁਕਾਬਲਾ ਗੁਰਲੀਨ ਕੌਰ ਨੇ ਜਿੱਤਿਆ। ਹਿਮਾਂਸ਼ੀ ਸ਼ਰਮਾ ਦੂਜੇ ਅਤੇ ਗੁਰਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਮੌਕੇ ਤੇ ਹੀ ਚਿੱਤਰ ਬਨਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਵਿਧੀ ਕਸ਼ਯਪ ਨੂੰ ਦੂਸਰਾ ਸੁਹਾਨੀ ਸਿੰਗਲਾ ਨੂੰ ਅਤੇ ਤੀਸਰਾ ਹਰਸ਼ਾਨ ਸਿੰਘ ਨੂੰ ਹਾਸਲ ਹੋਇਆ। ਮਹਿੰਦੀ ਦੇ 3 ਮੁਕਾਬਲਿਆਂ ’ਚ ਅਰਸ਼ੀਨ ਕੌਰ, ਰਾਧਿਕਾ ਤੇ ਮੁਸਕਾਨ ਰਹੀਆਂ। ਡੂਡਲਿੰਗ ਵਿੱਚ ਖੁਸ਼ਨੂਰ ਸਿੰਘ ਪਹਿਲੇ, ਅੰਸ਼ੀਦਕਾ ਦੂਸਰੇ ਤੇ ਸਮਰਪਿਤਾ ਤੀਸਰੇ ਸਥਾਨ ’ਤੇ ਰਹੇ। ਅੰਤ ’ਚ ਧੰਨਵਾਦ ਦੇ ਸ਼ਬਦ ਸੱਭਿਆਚਾਰ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਤੂਰ ਨੇ ਕਹੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਅਧਿਆਪਕਾਂ ਤੋਂ ਇਲਾਵਾ ਸੱਭਿਆਚਾਰ ਦੇ ਖੇਤਰ ਦੇ ਨਾਮਵਰ ਹਸਤਾਖਰ ਵੀ ਮੌਜੂਦ ਸਨ।