ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ
ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ
Publish Date: Mon, 13 Apr 2026 06:37 PM (IST)
Updated Date: Mon, 13 Apr 2026 06:40 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿੱਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ’ਚ ਵਿਸਾਖੀ ਦਾ ਪਵਿੱਤਰ ਤਿਉਹਾਰ ਬਹੁਤ ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਸਮਾਰੋਹ ਦਾ ਆਰੰਭ ਖਾਲਸਾ ਮੇਰੋ ਰੂਪ ਹੈ ਖਾਸ ਸ਼ਬਦ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ, ਡਾਇਰੈਕਟਰ ਪਵਨਦੀਪ ਸਿੰਘ ਸਹਿਗਲ, ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਪ੍ਰਿੰਸੀਪਲ ਅਰਚਨਾ ਸ੍ਰੀ ਵਾਸਤਵ ਨੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਅਰਚਨਾ ਸ੍ਰੀ ਵਾਸਤਵ ਨੇ ਇਸ ਦਿਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਖ਼ਾਲਸਾ ਸ਼ਬਦ ਦਾ ਅਰਥ ਹੈ ਸ਼ੁੱਧ, ਪਵਿੱਤਰ, ਬੇਦਾਗ਼, ਭਾਵ ਵਾਹਿਗੁਰੂ ਦਾ ਸੱਚਾ ਸੇਵਕ। ਸਕਰੀਨ ਉੱਤੇ ਜਲਿਆਂਵਾਲੇ ਬਾਗ਼ ਦੇ ਸਾਕੇ ਨੂੰ ਦਰਸ਼ਾਇਆ ਗਿਆ ਤਾਂ ਜੋ ਵਿਦਿਆਰਥੀ ਇਸ ਦਿਨ ਇਤਿਹਾਸ ਨਾਲ ਜੁੜੀਆਂ ਹੋਰ ਘਟਨਾਵਾਂ ਤੋਂ ਵੀ ਜਾਣੂ ਹੋ ਸਕਣ। ਇਸੇ ਮੌਕੇ ਸਕੂਲ ਦੇ ਕਲੱਬਾਂ (2026-27) ਦਾ ਉਦਘਾਟਨ ਵੀ ਕੀਤਾ ਗਿਆ। ਪ੍ਰਿੰਸੀਪਲ ਸ੍ਰੀਵਾਸਤਵ ਨੇ ਆਪਣੇ ਸ਼ਬਦਾਂ ਦੇ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਕਿ ਸਕੂਲ ਵਿਚ ਕਲੱਬਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸ਼ਖਸੀਅਤ ਦਾ ਸਰਵ ਪੱਖੀ ਵਿਕਾਸ ਕਰਨਾ ਹੁੰਦਾ ਹੈ, ਇਹ ਕਲੱਬ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਸਿੱਖਣ ਦੇ ਨਵੇਂ ਮੌਕੇ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੇ ਹਨ। ਵਿਸਾਖੀ ਦੀ ਰੌਣਕ ਨੂੰ ਦਿਖਾਉਣ ਲਈ ਕਲੱਬਾਂ ਵੱਲੋਂ ਸਵਾਦ ਦਾ ਅੱਡਾ ਲਗਾਇਆ ਗਿਆ, ਜਿਸ ਵਿਚ ਵਿਸਾਖੀ ਦੇ ਮੇਲੇ ਦੇ ਦ੍ਰਿਸ਼ ਨੂੰ ਦਰਸ਼ਾਉਂਦੇ ਹੋਏ ਤਰ੍ਹਾਂ ਤਰ੍ਹਾਂ ਦੇ ਚਟਪਟੇ ਪਕਵਾਨ ਸਜਾਏ ਗਏ। ਵਿਸਾਖੀ ਮੇਲੇ ਦੇ ਆਕਰਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਪਰੰਪਰਾਗਤ ਵਸਤੂਆਂ ਜਿਵੇਂ ਕਿ ਚੂੜੀਆਂ, ਪਰਾਂਦੇ, ਪੰਜਾਬੀ ਜੁੱਤੀ ਆਦਿ ਨੂੰ ਵੀ ਪ੍ਰਦਰਸ਼ਨੀ ਦੇ ਰੂਪ ਵਿਚ ਸਜਾਇਆ ਗਿਆ। ਵਿਦਿਆਰਥੀਆਂ ਨੇ ਭੰਗੜੇ, ਗਿੱਧੇ, ਗੱਤਕਾ ਅਤੇ ਦਸਤਾਰ ਮੁਕਾਬਲੇ ਵਿਚ ਭਾਗ ਲੈ ਕੇ ਇਸ ਤਿਉਹਾਰ ਦੇ ਪ੍ਰਤੀ ਆਪਣੇ ਉਤਸ਼ਾਹ ਨੂੰ ਦਰਸ਼ਾਇਆ। ਦਸਤਾਰ ਸਜਾਓ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਅਤੇ ਪੁਰਸਕਾਰ ਦਿੱਤੇ ਗਏ।