ਅਣਪਛਾਤੇ ਵਾਹਨ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਪਿਤਾ ਹਲਾਕ ਤੇ ਬੱਚੇ ਫੱਟੜ
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਮਾਰੀ ਟੱਕਰ
Publish Date: Tue, 20 Jan 2026 07:46 PM (IST)
Updated Date: Wed, 21 Jan 2026 04:18 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ’ਚੋਂ ਲੰਘਦੇ ਦਿੱਲੀ ਹਾਈਵੇ ’ਤੇ ਵਾਪਰੇ ਇਕ ਭਿਆਨਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੇ ਦੋਵੇਂ ਬੱਚੇ ਫੱਟੜ ਹੋ ਗਏ। ਜਾਣਕਾਰੀ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ 6 ਦੀ ਪੁਲਿਸ ਨੇ ਮ੍ਰਿਤਕ ਸੰਤਰਾਜ (45) ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਸੰਤਰਾਜ ਦੇ ਰਿਸ਼ਤੇਦਾਰ ਗੁਰੂ ਅਮਰਦਾਸ ਕਾਲੋਨੀ ਵਾਸੀ ਦਿਨੇਸ਼ ਕੁਮਾਰ ਪਟੇਲ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦਿਨੇਸ਼ ਕੁਮਾਰ ਪਟੇਲ ਨੇ ਦੱਸਿਆ ਕਿ ਉਸ ਦਾ ਚਾਚਾ ਸੰਤਰਾਜ ਆਪਣੇ ਪੁੱਤਰ ਅਜੇ ਪਟੇਲ (10) ਤੇ ਧੀ ਸੁਨੇਹਾ ਪਟੇਲ (12) ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵੱਲ ਨੂੰ ਆ ਰਿਹਾ ਸੀ। ਉਹ ਜਿਵੇਂ ਹੀ ਸ਼ੇਰਪੁਰ ਫਲਾਈ ਓਵਰ ਤੋਂ ਹੁੰਦੇ ਹੋਏ ਬਜਾਜ ਮੋਟਰਸਾਈਕਲ ਏਜੰਸੀ ਲਾਗੇ ਪਹੁੰਚੇ ਤਾਂ ਇਕ ਅਣਪਛਾਤੀ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਦੋਵਾਂ ਬੱਚਿਆਂ ਦੇ ਸੱਟਾਂ ਲੱਗੀਆਂ, ਪਰ ਸੰਤਰਾਜ ਦੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਕੇਸ ’ਚ ਥਾਣਾ 6 ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।