ਵੈਟਰਨਰੀ ਯੂਨੀਵਰਸਿਟੀ ਦਾ 2 ਦਿਨਾ ਪਸ਼ੂ ਪਾਲਣ ਮੇਲਾ ਸਮਾਪਤ
ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦਾ ਦੋ ਦਿਨਾ ਪਸ਼ੂ ਪਾਲਣ ਮੇਲਾ ਸਮਾਪਤ
Publish Date: Sat, 21 Mar 2026 09:27 PM (IST)
Updated Date: Sun, 22 Mar 2026 04:17 AM (IST)

ਮੁਲਕ ਦੀ ਆਰਥਿਕਤਾ ਤੇ ਪੌਸ਼ਟਿਕ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਪਸ਼ੂਧਨ ਕਿੱਤੇ : ਡਾ. ਜਾਟ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੋ ਦਿਨਾ ਪਸ਼ੂ ਪਾਲਣ ਮੇਲਾ ‘ਪਸ਼ੂ ਪਾਲਣ ਰਵਾਇਤੀ ਤੋਂ ਵਿਸ਼ਵ ਪੱਧਰ ਤੱਕ’ ਦੇ ਸੁਨੇਹੇ ਨਾਲ ਸਮਾਪਤ ਹੋ ਗਿਆ। ਰਵਾਇਤੀ ਫਾਇਦਿਆਂ ਦੇ ਨਾਲ ਵਿਸ਼ਵਵਿਆਪੀ ਸੋਚ, ਜ਼ਰੂਰਤਾਂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਪਹੁੰਚ ਨੂੰ ਅਪਣਾਉਂਦੇ ਹੋਏ ਸੰਕਲਪ ਪ੍ਰਗਟਾਇਆ ਗਿਆ ਕਿ ਅਸੀਂ ਆਲਮੀ ਪੱਧਰ ਦੇ ਹਾਣ ਦੇ ਟੀਚੇ ਨਿਸ਼ਚਿਤ ਕੀਤਾ ਜਾਵੇਗਾ। ਡਾ. ਐੱਮਐੱਲ. ਜਾਟ, ਮਹਾਂ ਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ, ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ, ਡਾ. ਐਚਐਸ ਜਾਟ, ਨਿਰਦੇਸ਼ਕ, ਮੱਕੀ ਸਬੰਧੀ ਖੋਜ ਦੀ ਭਾਰਤੀ ਸੰਸਥਾ, ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ, ਅਟਾਰੀ, ਡਾ. ਆਰਐੱਸ. ਸਿੱਧੂ, ਸਾਬਕਾ ਡਾਇਰੈਕਟਰ, ਬੋਰਲੌਗ ਇੰਸਟੀਚਿਊਟ ਆਫ ਸਾਊਥ ਏਸ਼ੀਆ, ਡਾ. ਐਮਐਸ. ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਨੇ ਦੂਜੇ ਦਿਨ ਇਸ ਮੇਲੇ ਵਿੱਚ ਸ਼ਿਰਕਤ ਕੀਤੀ। ਡਾ. ਐੱਮਐੱਲ ਜਾਟ ਨੇ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਡਾ. ਜਤਿੰਦਰ ਪਾਲ ਸਿੰਘ ਗਿੱਲ, ਵੀਸੀ ਦੀ ਅਗਵਾਈ ਵਿੱਚ ਬਹੁਤ ਉਸਾਰੂ ਕੰਮ ਕਰ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਅਤੇ ਹੋਰ ਸਹੂਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਪਸ਼ੂਧਨ ਕਿੱਤੇ ਮੁਲਕ ਦੀ ਆਰਥਿਕਤਾ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਹੇ ਹਨ। ਪਸ਼ੂ ਪਾਲਣ ਮੇਲੇ ਦੇ ਵਿਸ਼ੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਵੀ ਇਸੇ ਦ੍ਰਿਸ਼ਟੀਕੋਣ ਦੀ ਸੋਚ ਰੱਖਦੇ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਊਰਜਾ ਦੀ ਤਰੀਫ ਕਰਦਿਆਂ ਕਿਹਾ ਕਿ ਇਹ ਮਿਹਨਤੀ ਕਿਸਾਨ ਚੁਣੌਤੀਆਂ ਦੇ ਸਾਹਮਣੇ ਲਗਾਤਾਰ ਡਟੇ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਕਿਸਾਨਾਂ ਅਤੇ ਸੰਸਥਾਵਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਲਗਾਤਾਰ ਯੋਗਦਾਨ ਪਾਉਂਦੀ ਰਹੇਗੀ। ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਯੂਨੀਵਰਸਿਟੀ ਦੀ ਉੱਚ ਦਰਜਾਬੰਦੀ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਅਸੀਂ ਕਿਸਾਨਾਂ ਦੀ ਸਮੱਸਿਆਵਾਂ ਦਾ ਹਲ ਲੱਭਣ ਲਈ ਲਗਾਤਾਰ ਖੋਜ ਕਰਦੇ ਰਹਿੰਦੇ ਹਾਂ। ਉਨ੍ਹਾਂ ਪ੍ਰਾਸੈਸਿੰਗ ਰਾਹੀਂ ਉਤਪਾਦਾਂ ਦੀ ਗੁਣਵੱਤਾ ਵਧਾਉਣ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਨਸਲ ਸੁਧਾਰ ਲਈ ਵੀ ਲਗਾਤਾਰ ਕੰਮ ਕਰ ਰਹੇ ਹਾਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੇ ਉਪਰ ਵਿਸ਼ਵਾਸ਼ ਪ੍ਰਗਟਾਉਂਦਿਆਂ ਪਸ਼ੂ ਪਾਲਕ ਰੋਜ਼ਾਨਾ ਸੈਂਕੜੇ ਪਸ਼ੂ ਯੂਨੀਵਰਸਿਟੀ ਦੇ ਹਸਪਤਾਲ ਵਿਖੇ ਲੈ ਕੇ ਆਉਂਦੇ ਹਨ ਅਤੇ ਹਰ ਦਿਨ 10 ਤੋਂ 15 ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਯੂਨੀਵਰਸਿਟੀ ਜ਼ਮੀਨੀ ਪੱਧਰ ’ਤੇ ਪਸ਼ੂ ਪਾਲਕਾਂ ਲਈ ਮਹੱਤਵਪੂਰਨ ਕੰਮ ਕਰ ਰਹੀ ਹੈ। ਉਨ੍ਹਾਂ ਮਿਲਾਵਟੀ ਦੁੱਧ ਤੋਂ ਬਚਣ ਅਤੇ ਸ਼ੁੱਧ ਉਤਪਾਦ ਤਿਆਰ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਵਿਦਿਆਰਥੀ ਪਸ਼ੂ ਪਾਲਕਾਂ ਅਤੇ ਮੁਲਕ ਦੀ ਸੇਵਾ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਇਸ ਗੱਲ ਦਾ ਭਰੋਸਾ ਦਿੱਤਾ ਕਿ ਪੰਜਾਬ ਮੰਡੀ ਬੋਰਡ ਆਰਥਿਕ ਤੌਰ ’ਤੇ ਯੂਨੀਵਰਸਿਟੀ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਉਂਦਾ ਰਹੇਗਾ। ਪਸ਼ੂ ਪਾਲਕਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਪ੍ਰਕਾਸ਼ਨਾਂ, ਐਪਲੀਕੇਸ਼ਨਾਂ, `ਵੈਟਬੋਟ`, ਇੱਕ ਮਸਨੂਈ ਬੁੱਧੀ ਸਹਾਇਕ ਚੈਟਬੋਟ, ਜਾਨਵਰਾਂ ਦੇ ਸਰੀਰ ਵਿਗਿਆਨ ਦੇ ਐਟਲਸ `ਤੇ ਇੱਕ ਐਪ, ਬੱਕਰੀ ਦੇ ਦੁੱਧ ਦਾ ਸਾਬਣ ਅਤੇ ਯੂਨਾਨੀ ਦਹੀਂ ਲੋਕ ਅਰਪਣ ਕੀਤਾ ਗਿਆ।