ਮੋਹਾਲੀ ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ, ਦਿੱਲੀ ਦੀ ਕੰਪਨੀ ਦੇ ਦੋ ਡਾਇਰੈਕਟਰਾਂ ਨੂੰ 1-1 ਸਾਲ ਦੀ ਕੈਦ ਤੇ 50 ਲੱਖ ਰੁਪਏ ਜੁਰਮਾਨੇ ਦੀ ਸਜ਼ਾ
ਮੁਹਾਲੀ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਨਾਲ ਸਬੰਧਤ ਇਕ ਅਹਿਮ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਦਿੱਲੀ ਦੀ ਕੰਪਨੀ 'ਮੈਸਰਜ਼ ਮੂਲ ਚੰਦ ਐਂਡ ਕੰਪਨੀ ਕੰਟਰੈਕਟਸ ਪ੍ਰਾਈਵੇਟ ਲਿਮਟਿਡ' ਦੇ ਦੋ ਡਾਇਰੈਕਟਰਾਂ ਧਰੁਵ ਭਾਟੀਆ ਅਤੇ ਵਿਜੇ ਭਾਟੀਆ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਵਾਂ ਨੂੰ 1-1 ਸਾਲ ਦੀ ਕੈਦ ਅਤੇ ਸ਼ਿਕਾਇਤਕਰਤਾ ਕੰਪਨੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
Publish Date: Wed, 07 Jan 2026 11:51 AM (IST)
Updated Date: Wed, 07 Jan 2026 11:55 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਮੋਹਾਲੀ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਨਾਲ ਸਬੰਧਤ ਇਕ ਅਹਿਮ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਦਿੱਲੀ ਦੀ ਕੰਪਨੀ 'ਮੈਸਰਜ਼ ਮੂਲ ਚੰਦ ਐਂਡ ਕੰਪਨੀ ਕੰਟਰੈਕਟਸ ਪ੍ਰਾਈਵੇਟ ਲਿਮਟਿਡ' ਦੇ ਦੋ ਡਾਇਰੈਕਟਰਾਂ ਧਰੁਵ ਭਾਟੀਆ ਅਤੇ ਵਿਜੇ ਭਾਟੀਆ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਵਾਂ ਨੂੰ 1-1 ਸਾਲ ਦੀ ਕੈਦ ਅਤੇ ਸ਼ਿਕਾਇਤਕਰਤਾ ਕੰਪਨੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਮੋਹਾਲੀ ਦੀ ਕੰਪਨੀ 'ਮੈਸਰਜ਼ ਹਾਈਡ੍ਰੋਟੈਕ ਪਰਿਆਵਰਣ (ਇੰਡੀਆ) ਪ੍ਰਾਈਵੇਟ ਲਿਮਟਿਡ' (ਫੇਜ਼-8) ਨੇ ਦਿੱਲੀ ਦੀ ਉਕਤ ਕੰਪਨੀ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਦੇ ਉਪਕਰਣ ਸਪਲਾਈ ਕੀਤੇ ਸਨ। ਉਪਕਰਣਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਮੁਲਜ਼ਮਾਂ ਨੇ 32,74,580 ਰੁਪਏ ਦਾ ਚੈੱਕ ਜਾਰੀ ਕੀਤਾ ਸੀ। ਜਦੋਂ ਹਾਈਡ੍ਰੋਟੈਕ ਕੰਪਨੀ ਨੇ ਇਹ ਚੈੱਕ ਬੈਂਕ ਵਿਚ ਲਗਾਇਆ ਤਾਂ ਇਹ 'ਖਾਤੇ ਵਿਚ ਫੰਡਾਂ ਦੀ ਕਮੀ' ਕਾਰਨ ਬਾਊਂਸ ਹੋ ਗਿਆ।
ਅਦਾਲਤ ਦੀ ਟਿੱਪਣੀ ਅਤੇ ਫ਼ੈਸਲਾ
ਸੁਣਵਾਈ ਦੌਰਾਨ ਮੁਲਜ਼ਮਾਂ ਨੇ ਬਚਾਅ ਪੱਖ ਰੱਖਿਆ ਕਿ ਸਪਲਾਈ ਕੀਤਾ ਗਿਆ ਸਾਮਾਨ ਨੁਕਸਦਾਰ ਸੀ ਅਤੇ ਪੂਰਾ ਸਾਮਾਨ ਨਹੀਂ ਮਿਲਿਆ ਸੀ। ਹਾਲਾਂਕਿ, ਅਦਾਲਤ ਨੇ ਪਾਇਆ ਕਿ ਮੁਲਜ਼ਮਾਂ ਨੇ ਚੈੱਕ 'ਤੇ ਆਪਣੇ ਦਸਤਖਤਾਂ ਤੋਂ ਇਨਕਾਰ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਜੇਕਰ ਸਾਮਾਨ ਨੁਕਸਦਾਰ ਸੀ ਤਾਂ ਮੁਲਜ਼ਮਾਂ ਨੇ ਪੂਰੀ ਰਕਮ ਦਾ ਚੈੱਕ ਕਿਉਂ ਜਾਰੀ ਕੀਤਾ ਅਤੇ ਸਾਮਾਨ ਵਾਪਸ ਕਿਉਂ ਨਹੀਂ ਕੀਤਾ। ਅਦਾਲਤ ਨੇ ਮੁਲਜ਼ਮਾਂ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਚੈੱਕ ਕਾਨੂੰਨੀ ਦੇਣਦਾਰੀ ਨੂੰ ਪੂਰਾ ਕਰਨ ਲਈ ਹੀ ਜਾਰੀ ਕੀਤਾ ਗਿਆ ਸੀ।
ਸਜ਼ਾ ਅਤੇ ਮੁਆਵਜ਼ਾ
ਅਦਾਲਤ ਨੇ ਸ਼ਿਕਾਇਤਕਰਤਾ ਵੱਲੋਂ ਝੱਲੀ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਨੂੰ ਦੇਖਦਿਆਂ ਮੁਲਜ਼ਮਾਂ ਨੂੰ 50 ਲੱਖ ਰੁਪਏ ਦਾ ਮੁਆਵਜ਼ਾ (ਸਾਂਝੇ ਤੌਰ 'ਤੇ) ਇਕ ਮਹੀਨੇ ਦੇ ਅੰਦਰ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿਚ ਨਰਮੀ ਵਰਤਣ ਨਾਲ ਸਮਾਜ ਵਿਚ ਕਾਨੂੰਨ ਪ੍ਰਤੀ ਅਵਿਸ਼ਵਾਸ ਪੈਦਾ ਹੁੰਦਾ ਹੈ।