ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ
ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ
Publish Date: Sat, 21 Mar 2026 07:35 PM (IST)
Updated Date: Sun, 22 Mar 2026 04:14 AM (IST)

ਸਕੂਟਰ ਤੇ ਤੇਜ਼ਧਾਰ ਹਥਿਆਰ ਬਰਾਮਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਨਕਦੀ ਮੋਬਾਇਲ ਫੋਨ ਅਤੇ ਹੋਰ ਸਮਾਨ ਲੁੱਟਦੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਐਕਟਿਵਾ ਸਕੂਟਰ , ਮੋਬਾਇਲ ਫੋਨ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਨਗਰ ਦੇ ਵਾਸੀ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਇਸਲਾਮ ਗੰਜ ਦੇ ਰਹਿਣ ਵਾਲੇ ਸਾਗਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪ੍ਰਦੀਪ ਬਾਵਾ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਦੀ ਹਨ ਅਤੇ ਇਸ ਵੇਲੇ ਵੀ ਉਹ ਸੈਕਟਰ 39 ਇਲਾਕੇ ਦੇ ਗਲਾਡਾ ਗਰਾਊਂਡ ਦੇ ਲਾਗੇ ਮੌਜੂਦ ਹਨ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ। ਪੜਤਾਲ ਦੇ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ ਚਿੱਟੇ ਰੰਗ ਦਾ ਐਕਟਿਵਾ ਸਕੂਟਰ, ਮੋਬਾਇਲ ਫੋਨ ਅਤੇ ਦੋ ਤੇਜ਼ਧਾਰ ਕਿਰਚਾਂ ਬਰਾਮਦ ਕੀਤੀਆਂ ਗਈਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਭਾਰਤੀ ਨਿਆਇਕ ਸਹਾਇਤਾ ਦੀ ਧਾਰਾ 304 (2) 317(2) ਅਤੇ 111(1) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੜਤਾਲ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ।