ਨਾਨਕਸਰ ਠਾਠ ਸਿਆੜ ਵਿਖੇ ਦਸਤਾਰ ਮੁਕਾਬਲੇ ਕਰਵਾਏ
ਨਾਨਕਸਰ ਠਾਠ ਸਿਆੜ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ
Publish Date: Mon, 12 Jan 2026 07:48 PM (IST)
Updated Date: Tue, 13 Jan 2026 04:12 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਸ੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਦੇ 120ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੌਜੂਦਾ ਮੁਖੀ ਸੰਤ ਬਾਬਾ ਹਰਨੇਕ ਸਿੰਘ ਦੀ ਅਗਵਾਈ ਹੇਠ ਸ੍ਰੀ ਨਾਨਕਸਰ ਆਸ਼ਰਮ (ਰਜਿ:) ਟਰੱਸਟ ਸਿਆੜ ਵੱਲੋ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟੀ ਸੇਵਾਦਾਰ ਰਣਧੀਰ ਸਿੰਘ ਅਤੇ ਭਾਈ ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਨੇ ਦੱਸਿਆ ਕਿ ਬੱਚਿਆ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੇ ਮੰਤਵ ਨਾਲ ਆਓ ਦਸਤਾਰਾਂ ਸਜ਼ਾਜੀਏ ਮੁਹਿੰਮ ਤਹਿਤ ਦਸਤਾਰ ਮੁਕਾਬਲੇ ਕਰਵਾਏ ਗਏ। ਉਹਨਾਂ ਕਿਹਾ ਕਿ ਦਸਤਾਰ ਮੁਕਾਬਲੇ ਦੌਰਾਨ 140 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਦਸਤਾਰ ਮੁਕਾਬਲੇ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ। ਜੂਨੀਅਰ ਵਰਗ ਵਿੱਚ 10 ਸਾਲ ਤੋਂ 13 ਸਾਲ ਤੱਕ ਅਤੇ ਸੀਨੀਅਰ ਵਰਗ ਵਿੱਚ 15 ਸਾਲ ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਨਾਨਕਸਰ ਆਸ਼ਰਮ (ਰਜਿ:) ਸਿਆੜ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਜੇਤੂ ਬੱਚਿਆ ਨੂੰ ਹਜ਼ਾਰਾਂ ਦੇ ਨਕਦ ਇਨਾਮ ਦਸਤਾਰਾਂ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਤੇ ਭਾਗ ਲੈਣ ਸਾਰੇ ਬੱਚਿਆ ਨੂੰ ਪ੍ਰਸੰਸਾ ਪੱਤਰ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟੀ ਭਾਈ ਰਣਧੀਰ ਸਿੰਘ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਇਸ ਤਰ੍ਹਾ ਦੇ ਉਪਰਾਲਿਆਂ ਨਾਲ ਬੱਚਿਆਂ ’ਚ ਦਸਤਾਰਾਂ ਸਜਾਉਣ ਦਾ ਉਤਸ਼ਾਹ ਵੱਧ ਰਿਹਾ ਹੈ। ਇਸ ਮੌਕੇ ਮੁੱਖ ਗ੍ਰੰਥੀ ਗੁਰਚਰਨਜੀਤ ਸਿੰਘ, ਭਾਈ ਮੇਜਰ ਸਿੰਘ, ਚੇਅਰਮੈਨ ਜਰਨੈਲ ਸਿੰਘ, ਚੀਫ਼ ਸੈਕਟਰੀ ਭਾਈ ਗੁਰਵਿੰਦਰ ਸਿੰਘ ਪੀਰ ਜੈਨ, ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ, ਗੁਰਵਿੰਦਰ ਸਿੰਘ ਸਿਆੜ, ਪ੍ਰਭਪਿੰਦਰ ਸਿੰਘ ਬਾਠਾਂ, ਜਸ਼ਨਦੀਪ ਸਿੰਘ ਮਲੌਦ, ਜੀ ਡੀ ਸਿੰਘ, ਗੁਰਮੋਹਿਤ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।