ਕਈ ਕਾਰਾਂ ਨੂੰ ਟੱਕਰ ਮਾਰ ਕੇ ਰੇਹੜੀ ਚਾਲਕ ’ਤੇ ਜਾ ਚੜ੍ਹਿਆ ਟਰੱਕ
ਕਈ ਕਾਰਾਂ ਨੂੰ ਟੱਕਰ ਮਾਰ ਕੇ ਰੇਹੜੀ ਚਾਲਕ ਤੇ ਜਾ ਚੜਿਆ ਟਰੱਕ
Publish Date: Fri, 27 Feb 2026 08:48 PM (IST)
Updated Date: Sat, 28 Feb 2026 04:08 AM (IST)

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੇ ਜਲੰਧਰ ਬਾਈਪਾਸ ਨਜ਼ਦੀਕ ਟਾਈਗਰ ਸਫਾਰੀ ਸਾਹਮਣੇ ਇੱਕ ਤੇਜ਼ ਰਫਤਾਰ ਟਰੱਕ ਕਈ ਕਾਰਾਂ ਨਾਲ ਟਕਰਾਉਣ ਮਗਰੋਂ ਸੜਕ ਕਿਨਾਰੇ ਖੜ੍ਹੀ ਕਾਰ ਰੇਹੜੀ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਹੈਬੋਵਾਲ ਕਲਾਂ ਦਾ ਰਹਿਣ ਵਾਲਾ ਅਮਨ ਸੂਦ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਲੇਮ ਟਾਬਰੀ ਪੁਲਿਸ ਨੇ ਅਮਨ ਸੂਦ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਮੁਲਜ਼ਮ ਟਰੱਕ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਮਨ ਸੂਦ ਮੁਤਾਬਕ ਉਹ ਆਪਣੀ ਕਾਰ ਵਿੱਚ ਖਾਣ ਪੀਣ ਦਾ ਸਾਮਾਨ ਤਿਆਰ ਕਰ ਕੇ ਟਾਈਗਰ ਸਫਾਰੀ ਕੋਲ ਕਾਰੋਬਾਰ ਕਰਦਾ ਹੈ। ਸ਼ਿਕਾਇਤਕਰਤਾ ਮੁਤਾਬਕ ਦੁਰਘਟਨਾ ਵਾਲੇ ਦਿਨ ਵੀ ਉਹ ਰੋਜ਼ ਦੀ ਤਰ੍ਹਾਂ ਆਪਣੀ ਕਾਰ ’ਚ ਰੱਖਿਆ ਖਾਣ-ਪੀਣ ਦਾ ਸਾਮਾਨ ਗਾਹਕਾਂ ਨੂੰ ਪਰੋਸ ਰਿਹਾ ਸੀ ਇਸ ਦੌਰਾਨ ਜਲੰਧਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਵਿੱਚ ਟੱਕਰ ਮਾਰ ਦਿੱਤੀ। ਕਈ ਗੱਡੀਆਂ ਦਾ ਨੁਕਸਾਨ ਕਰਨ ਮਗਰੋਂ ਉਕਤ ਟਰੱਕ ਉਸ ਦੀ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਸ਼ਿਕਾਇਤ ਕਰਤਾ ਵੀ ਫੱਟੜ ਹੋ ਗਿਆ ਪਰ ਟਰੱਕ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਮੇਜਰ ਸਿੰਘ ਮੁਤਾਬਕ ਦੁਰਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਮੁਲਜ਼ਮ ਟਰੱਕ ਚਾਲਕ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।