ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
Publish Date: Mon, 23 Mar 2026 07:00 PM (IST)
Updated Date: Tue, 24 Mar 2026 04:08 AM (IST)

-ਸ਼ਹੀਦਾਂ ਦੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਜੱਦੋ ਜਹਿਦ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ਸਟਾਫ ਪ੍ਰਤੀਨਿਧੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਨੌਜਵਾਨ ਅਤੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ 23 ਮਾਰਚ 1931 ਨੂੰ ਦੇਸ਼ ਦੀ ਆਜ਼ਾਦੀ ਲਈ ਜੂਝਦੇ ਹੋਏ, ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਚੜ੍ਹਾਏ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯਾਦਗਾਰ ਵਿਖੇ ਉਪਰੋਕਤ ਸ਼ਹੀਦਾਂ ਦੇ ਸਥਾਪਤ ਬੁੱਤਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਵੱਲੋਂ ਚਿਤਵੇ ਮਨੁੱਖੀ ਬਰਾਬਰੀ, ਇਨਸਾਫ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਸੰਕਲਪ ਦੁਹਰਾਇਆ। ਜੱਥੇਬੰਦੀਆਂ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ, ਤਰਕਸ਼ੀਲ ਸੁਸਾਇਟੀ , ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਕਾਰਕੁੰਨਾਂ ਨੇ ਸ਼ਹੀਦਾਂ ਵੱਲੋਂ ਬੁਲੰਦ ਕੀਤੇ ਨਾਅਰੇ ‘ਇਨਕਲਾਬ ਜ਼ਿੰਦਾਬਾਦ , ਸਾਮਰਾਜਵਾਦ ਮੁਰਦਾਬਾਦ’ ਨੂੰ ਪੂਰਾ ਕਰਨ ਤੱਕ ਜੱਦੋ-ਜਹਿਦ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਇਸ ਮੌਕੇ ਇਹਨਾਂ ਸ਼ਹੀਦਾਂ ਦਾ ਨਾਂ ਵਰਤਕੇ ਸਮਾਜਿਕ ਬਦਲਾਅ ਲਿਆਉਣ ਦੇ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਗੱਦੀਆਂ ਪ੍ਰਾਪਤ ਕਰਨ ਵਾਲੇ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦਾ ਵੀ ਸੱਦਾ ਦਿੱਤਾ। ਮੌਜੂਦਾ ਰਾਜ ਪ੍ਰਬੰਧ ਹੇਠ ਵੱਧ ਰਹੀ ਸਰਕਾਰੀ ਅਤੇ ਗੈਰ ਸਰਕਾਰੀ ਗੁੰਡਾ ਗਰਦੀ, ਭ੍ਰਿਸ਼ਟਾਚਾਰ , ਹੱਕ ਸੱਚ ਦੀ ਆਵਾਜ਼ ਜਬਰੀ ਬੰਦ ਕਰਨ ਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਸਰਕਾਰੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਸਵੰਤ ਜ਼ੀਰਖ, ਰਾਕੇਸ਼ ਆਜ਼ਾਦ, ਐਡਵੋਕੇਟ ਹਰਪ੍ਰੀਤ ਜ਼ੀਰਖ,ਜਗਜੀਤ ਸਿੰਘ,ਪ੍ਰਤਾਪ ਸਿੰਘ, ਅਜਮੇਰ ਦਾਖਾ, ਮਾਸਟਰ ਸੁਰਜੀਤ ਸਿੰਘ, ਮਾਸਟਰ ਜਰਨੈਲ ਸਿੰਘ, ਡਾ. ਮੋਹਨ ਸਿੰਘ, ਵਰੁਣ ਕੁਮਾਰ, ਰਜੀਵ ਕੁਮਾਰ, ਮਹੇਸ਼ ਕੁਮਾਰ ਸਮੇਤ ਹੋਰ ਸ਼ਾਮਲ ਸਨ।