ਕੁੱਤਿਆਂ ਵਿੱਚ ਡਾਇਲਸਿਸ ਤਕਨੀਕਾਂ ਸਬੰਧੀ ਸਿਖਲਾਈ ਕਾਰਜਸ਼ਾਲਾ ਕਰਵਾਈ
ਕੁੱਤਿਆਂ ਵਿੱਚ ਡਾਇਲਸਿਸ ਤਕਨੀਕਾਂ ਸਬੰਧੀ ਸਿਖਲਾਈ ਕਾਰਜਸ਼ਾਲਾ ਕਰਵਾਈ
Publish Date: Mon, 02 Mar 2026 07:13 PM (IST)
Updated Date: Mon, 02 Mar 2026 07:13 PM (IST)

-ਦੱਖਣੀ ਕੋਰੀਆ ਤੋਂ 7 ਵੈਟਰਨਰੀ ਡਾਕਟਰ ਉਨਤ ਸਿਖਲਾਈ ਪ੍ਰਾਪਤ ਕਰਨ ਲਈ ਪਹੁੰਚੇ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਡਾਇਲਸਿਸ ਯੂਨਿਟ ਵਿਖੇ ਕੁੱਤਿਆਂ |ਚ ਡਾਇਲਸਿਸ ਤਕਨੀਕਾਂ ’ਤੇ 5 ਰੋਜ਼ਾ ਇੰਡੋ-ਕੋਰੀਅਨ ਉੱਨਤ ਹੱਥੀਂ ਸਿਖਲਾਈ ਕਾਰਜਸ਼ਾਲਾ ਦਾ ਸਫਲਤਾਪੂਰਵਕ ਪ੍ਰਬੰਧ ਕਰ ਕੇ ਆਲਮੀ ਵੈਟਰਨਰੀ ਕਲੀਨਿਕਲ ਸਿੱਖਿਆ ’ਚ ਇੱਕ ਨਵਾਂ ਇਤਿਹਾਸ ਸਿਰਜਣ ਦਾ ਯਤਨ ਕੀਤਾ ਹੈ। ਦੱਖਣੀ ਕੋਰੀਆ ਤੋਂ 7 ਵੈਟਰਨਰੀ ਡਾਕਟਰ ਇਹ ਉਨਤ ਸਿਖਲਾਈ ਪ੍ਰਾਪਤ ਕਰਨ ਲਈ ਪਹੁੰਚੇ, ਇਸ ਪਹਿਲਕਦਮੀ ਨੂੰ ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਅਤੇ ਸਮਰੱਥਾ ਨਿਰਮਾਣ ’ਚ ਇੱਕ ਮੀਲ ਪੱਥਰ ਵਾਂਗ ਗਿਣਿਆ ਗਿਆ ਹੈ। ਸਿਖਲਾਈ ਪ੍ਰੋਗਰਾਮ ਰਾਹੀਂ ਇੱਕ ਅਨੁਭਵੀ ਸਿਖਲਾਈ ਮੰਚ ਪ੍ਰਦਾਨ ਕੀਤਾ ਗਿਆ ਜਿਸ ਵਿੱਚ ਵਿਹਾਰਕ ਕੇਸ ਪ੍ਰਦਰਸ਼ਨ, ਲਾਈਵ ਕਲੀਨਿਕਲ ਕੇਸ ਚਰਚਾ, ਹੱਥੀਂ ਡਾਇਲਸਿਸ ਪ੍ਰਕਿਰਿਆਵਾਂ, ਵਿਚਾਰ-ਵਟਾਂਦਰਾ ਵਿਗਿਆਨਕ ਸੈਸ਼ਨ, ਅਤੇ ਗੁਰਦੇ ਬਦਲਣ ਵਾਲੀਆਂ ਥੈਰੇਪੀਆਂ ਅਤੇ ਨੈਫਰੋਲੋਜੀ ’ਤੇ ਢਾਂਚਾਗਤ ਗਿਆਨ-ਸਾਂਝਾ ਕਰਨਾ ਸ਼ਾਮਲ ਸੀ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ‘ਕਾਰਜਸ਼ਾਲਾ ਨੇ ਡਾਇਲਸਿਸ ਯੂਨਿਟ ਟੀਮ ਦੀ ਅਸਾਧਾਰਨ ਕਲੀਨਿਕਲ ਮੁਹਾਰਤ, ਤਕਨੀਕੀ ਸਮਰੱਥਾ ਅਤੇ ਅਕਾਦਮਿਕ ਅਗਵਾਈ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਇਹ ਉੱਨਤ ਵੈਟਰਨਰੀ ਕਿਡਨੀ ਤਬਾਦਲਾ ਥੈਰੇਪੀਆਂ ਲਈ ਇੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੇਂਦਰ ਬਣ ਗਿਆ ਹੈ। ਰਵਾਇਤੀ ਤੌਰ ’ਤੇ ਉੱਨਤ ਕਲੀਨਿਕਲ ਸਿਖਲਾਈ ਲਈ ਸਿੱਖਿਆਰਥੀ ਬਾਹਰ ਦੇ ਮੁਲਕਾਂ ਨੂੰ ਜਾਂਦੇ ਹਨ ਪਰ ਇਸ ਕਾਰਜਸ਼ਾਲਾ ਨੇ ਪ੍ਰਵਾਹ ਨੂੰ ਉਲਟਾਅ ਦਿੱਤਾ ਅਤੇ ਅੰਤਰਰਾਸ਼ਟਰੀ ਪੇਸ਼ੇਵਰ ਭਾਰਤ ’ਚ ਅਤਿ-ਆਧੁਨਿਕ ਸਿਖਲਾਈ ਲੈਣ ਲਈ ਪਹੁੰਚੇ। ਇਹ ਭਾਰਤ ਦੀ ਕਲੀਨਿਕਲ ਉੱਤਮਤਾ ਅਤੇ ਤਕਨੀਕੀ ਸਮਰੱਥਾ ਦੀ ਵਧਦੀ ਵਿਸ਼ਵਵਿਆਪੀ ਮਾਨਤਾ ਨੂੰ ਦਰਸਾਉਂਦਾ ਹੈ।’ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕਾਰਜਸ਼ਾਲਾ, ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਅਨੁਭਵੀ ਸਿਖਲਾਈ ਪ੍ਰਾਜੈਕਟ ਦਾ ਹਿੱਸਾ ਸੀ। ਇਸ ਪ੍ਰਾਜੈਕਟ ਦਾ ਉਦੇਸ਼ ਡਾਇਲਸਿਸ ਯੂਨਿਟ ਨੂੰ ਇੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਅਕ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਹਸਪਤਾਲ ਦੇ ਨਿਰਦੇਸ਼ਕ ਡਾ. ਜਤਿੰਦਰ ਮੋਹਿੰਦਰੂ ਨੇ ਇਸ ਪ੍ਰੋਗਰਾਮ ਨੂੰ ਕਲੀਨਿਕਲ ਮਿਆਰਾਂ ਨੂੰ ਉੱਚਾ ਚੁੱਕਣ ਲਈ ਇੱਕ ਵੱਡਾ ਮੀਲ ਪੱਥਰ ਕਿਹਾ। ਡਾ. ਰਣਧੀਰ ਸਿੰਘ, ਇੰਚਾਰਜ ਡਾਇਲਸਿਸ ਯੂਨਿਟ ਅਤੇ ਸਿਖਲਾਈ ਨਿਰਦੇਸ਼ਕ, ਜਿਨ੍ਹਾਂ ਦੇ ਮੋਹਰੀ ਯੋਗਦਾਨ ਨੇ ਵੈਟਰਨਰੀ ਵਰਸਿਟੀ ਨੂੰ ਵਿਸ਼ਵ ਪੱਧਰ ’ਤੇ ਵੈਟਰਨਰੀ ਨੈਫਰੋਲੋਜੀ ਸਿੱਖਿਆ ਦੇ ਨਕਸ਼ੇ ’ਤੇ ਸਥਾਨ ਦਵਾਇਆ ਹੈ। ਉਨ੍ਹਾਂ ਡਾ. ਰਾਜਸੁਖਬੀਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਜਸਨੀਤ ਸਿੰਘ, ਡਾ. ਸਚਿਨ ਸਮੇਤ ਪ੍ਰਸਿੱਧ ਮਾਹਿਰਾਂ ਡਾ. ਵਿਕਾਸ ਮੱਕੜ, ਪ੍ਰੋਫੈਸਰ ਅਤੇ ਮੁਖੀ, ਨੈਫਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਕੋਨਕੁਕ ਯੂਨੀਵਰਸਿਟੀ, ਦੱਖਣੀ ਕੋਰੀਆ ਤੋਂ ਪ੍ਰੋਫੈਸਰ ਐਚਐਮ. ਪਾਰਕ ਕੋਲੋਂ ਸਿਖਲਾਈ ਵਿੱਚ ਸਹਿਯੋਗ ਪ੍ਰਾਪਤ ਕੀਤਾ।