ਵੈਟਰਨਰੀ ਅਫ਼ਸਰਾਂ ਲਈ ਕਰਵਾਇਆ ਸਿਖਲਾਈ ਪ੍ਰੋਗਰਾਮ
ਵੈਟਰਨਰੀ ਅਫ਼ਸਰਾਂ ਲਈ ਕਰਵਾਇਆ ਗਿਆ ਸਿਖਲਾਈ ਪ੍ਰੋਗਰਾਮ
Publish Date: Mon, 09 Mar 2026 07:03 PM (IST)
Updated Date: Tue, 10 Mar 2026 04:09 AM (IST)

ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ ਚਾਂਸਲਰ ਨੇ ਸੈਂਟਰ ਫਾਰ ਵਨ ਹੈਲਥ ਦੇ ਯਤਨਾਂ ਦੀ ਕੀਤੀ ਸ਼ਲਾਘਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ‘ਰੋਗਾਣੂਨਾਸ਼ਕ ਪ੍ਰਤੀਰੋਧ ਰੋਕਥਾਮ ਅਤੇ ਵਨ ਹੈਲਥ ਨੂੰ ਉਤਸ਼ਾਹਿਤ ਕਰਨ ਲਈ ਵੈਟਨਰੀ ਡਾਕਟਰਾਂ ਦੇ ਪਸ਼ੂ ਸਿਹਤ ਅਭਿਆਸ ਨੂੰ ਬਿਹਤਰ ਕਰਨਾ’ ਵਿਸ਼ੇ ’ਤੇ ਦੋ ਦਿਨਾ ਸਮਰੱਥਾ ਉਸਾਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰ ਰਹੇ ਵੈਟਰਨਰੀ ਅਫ਼ਸਰਾਂ ਲਈ ਸੀ, ਜਿਸ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਜ਼ੈਨੇਕਸ ਇੰਡੀਆ ਵੱਲੋਂ ਸ਼ੁਰੂ ਕੀਤੇ ਗਏ ਇਕ ਪ੍ਰਾਜੈਕਟ ਦੇ ਤਹਿਤ ਕਰਵਾਇਆ ਗਿਆ ਸੀ। ਸੈਂਟਰ ਫਾਰ ਵਨ ਹੈਲਥ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਪ੍ਰਤੀਭਾਗੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵੈਟਰਨਰੀ ਪੇਸ਼ੇਵਰ, ਜਾਨਵਰਾਂ ਦੇ ਨਾਲ-ਨਾਲ ਜਨਤਕ ਸਿਹਤ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੋਗਾਣੂਨਾਸ਼ਕ ਪ੍ਰਤੀਰੋਧ ਦੀ ਵਧਦੀ ਆਲਮੀ ਚਿੰਤਾ ਨੂੰ ਵੇਖਦੇ ਹੋਏ ਉਨ੍ਹਾਂ ਨੇ ਜਾਨਵਰਾਂ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਸਮਝਦਾਰ ਅਤੇ ਸੀਮਤ ਵਰਤੋਂ ਸੰਬੰਧੀ ਚਾਨਣਾ ਪਾਇਆ। ਡਾ. ਦੀਪਾਲੀ ਕਲੰਭੇ, ਪ੍ਰਬੰਧਕੀ ਸਕੱਤਰ ਨੇ ਪ੍ਰਤੀਭਾਗੀਆਂ ਨੂੰ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਰੋਕਥਾਮ ਤੇ ਨਿਯੰਤਰਣ ਰਣਨੀਤੀਆਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਨੇ ਇਸ ਕੰਮ ਲਈ ਪੇਸ਼ੇਵਰਾਂ ਦੀ ਭੂਮਿਕਾ, ਬਿਮਾਰੀਆਂ ਦੀ ਰੋਕਥਾਮ, ਟੀਕਾਕਰਨ, ਚੰਗੇ ਫਾਰਮ ਪ੍ਰਬੰਧਨ ਅਭਿਆਸਾਂ, ਜੈਵਿਕ ਸੁਰੱਖਿਆ ਅਤੇ ਪਸ਼ੂਆਂ/ਜਾਨਵਰਾਂ ਦੀ ਸਾਂਭ ਸੰਭਾਲ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ ਚਾਂਸਲਰ ਨੇ ਸੈਂਟਰ ਫਾਰ ਵਨ ਹੈਲਥ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਸਾਨੂੰ ਵਿਸ਼ਵ ਪੱਧਰ ’ਤੇ ਪੈਦਾ ਹੋ ਰਹੀਆਂ ਅਜਿਹੀਆਂ ਸਿਹਤ ਚੁਣੌਤੀਆਂ ਨੂੰ ਹੱਲ ਕਰਨ, ਟਿਕਾਊ ਪਸ਼ੂ ਉਤਪਾਦਨ ਅਤੇ ਵਿਗਿਆਨਕ ਅਭਿਆਸਾਂ ਦੀ ਨਿਰੰਤਰ ਸਿੱਖਿਆ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਪੇਸ਼ੇਵਰਾਂ ਵਿੱਚ ਜਾਗਰੂਕਤਾ ਅਤੇ ਬਚਾਅ ਵਿਧੀਆਂ ਸੰਬੰਧੀ ਗਿਆਨ ਮੁਹੱਈਆ ਕੀਤਾ ਜਾ ਸਕੇ।