ਨਾਬਾਲਿਗ ਚਾਲਕਾਂ ਖਿਲਾਫ ਟ੍ਰੈਫਿਕ ਪੁਲਿਸ ਐਕਸ਼ਨ ਮੋਡ ’ਚ
ਨਾਬਾਲਿਗ ਚਾਲਕਾਂ ਖਿਲਾਫ ਟ੍ਰੈਫਿਕ ਪੁਲਿਸ ਐਕਸ਼ਨ ਮੋਡ ’ਚ, ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾ ਚਲਾਨ
Publish Date: Tue, 24 Mar 2026 08:42 PM (IST)
Updated Date: Wed, 25 Mar 2026 04:11 AM (IST)

ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾ ਚਲਾਨ ਪ੍ਰਿੰਸ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਾਦਸਿਆਂ ’ਤੇ ਠੱਲ੍ਹ ਪਾਉਣ ਲਈ ਟ੍ਰੈਫਿਕ ਪੁਲਿਸ ਐਕਸ਼ਨ ’ਚ ਆ ਗਈ ਹੈ। ਮੰਗਲਵਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਖਾਸ ਕਰ ਕੇ ਸਕੂਲਾਂ ਅਤੇ ਕਾਲਜਾਂ ਦੇ ਨਜ਼ਦੀਕ ਵਿਸ਼ੇਸ਼ ਨਾਕੇ ਲਾ ਕੇ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਟ੍ਰੈਫਿਕ ਪੁਲਿਸ ਵੱਲੋਂ ਲੋਧੀ ਕਲੱਬ ਰੋਡ ਤੋਂ ਫੁੱਲਾਂ ਵਾਲ ਚੌਕ ਵੱਲ ਜਾਣ ਵਾਲੇ ਰੂਟ ਦੀਆਂ ਦੋਨੋਂ ਸੜਕਾਂ ’ਤੇ ਵਿਸ਼ੇਸ਼ ਨਾਕੇ ਲਾ ਕੇ ਨਬਾਲਿਗ ਵਾਹਨ ਚਾਲਕਾਂ, ਟ੍ਰਿਪਲ ਰਾਈਡਿੰਗ, ਬਿਨ੍ਹਾਂ ਹੈਲਮਟ ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਗਈ। ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਜ਼ੋਨ 6 ਦੇ ਇੰਚਾਰਜ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਏਡੀਸੀਪੀ ਟ੍ਰੈਫਿਕ ਦੇ ਹੁਕਮਾਂ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਕੇ ਦੌਰਾਨ ਕਈ ਨਾਬਾਲਿਗ ਵਾਹਨ ਚਾਲਕਾਂ ਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਰੋਕ ਕੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਲੰਘਣਾ ਕਰਨ ਵਾਲੇ ਇਕ ਦਰਜਨ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਗਏ। ਥਾਣੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨਾਬਾਲਿਗ ਵਾਹਨ ਚਾਲਕਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ, ਕਿਉਂਕਿ ਇਸ ਨਾਲ ਸੜਕ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਟ੍ਰੈਫਿਕ ਪੁਲਿਸ ਵੱਲੋਂ ਅਗਲੇ ਦਿਨਾਂ ’ਚ ਵੀ ਇਹ ਵਿਸ਼ੇ਼ਸ ਚੈਕਿੰਗ ਮੁਹਿੰਮ ਜਾਰੀ ਰਹੇਗੀ।