ਪ੍ਰਭੂ ਨਾਲ ਜੁੜਨ ਲਈ ਬ੍ਰਹਮਗਿਆਨ ਦੀ ਪ੍ਰਾਪਤੀ ਜ਼ਰੂਰੀ : ਸਾਧਵੀ
ਪ੍ਰਭੂ ਨਾਲ ਜੁੜਨ ਲਈ ਬ੍ਰਹਮਗਿਆਨ ਦੀ ਪ੍ਰਾਪਤੀ ਜਰੂਰੀ-ਸਾਧਵੀ
Publish Date: Sun, 22 Mar 2026 06:36 PM (IST)
Updated Date: Mon, 23 Mar 2026 04:11 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ਵਿਖੇ ਹਫਤਾਵਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਪ੍ਰਵਚਨ ਕਰਦੇ ਹੋਏ ਸਾਧਵੀ ਜਗਦੀਪਾ ਭਾਰਤੀ ਨੇ ਕਿਹਾ ਕਿ ਭਗਤੀ ਅਤੇ ਵਿਸ਼ਵਾਸ ਉਹ ਹੈ ਜੋ ਆਤਮਾ ਨੂੰ ਪਰਮਾਤਮਾ ਨਾਲ ਜੁੜਨ ਲਈ ਇੱਕ ਮਹੱਤਵਪੂਰਨ ਆਧਾਰ ਪ੍ਰਦਾਨ ਕਰਦੀਆਂ ਹਨ। ਸਾਧਵੀ ਨੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ ਕਿ ਸਿਰਫ਼ ਸ਼ਰਧਾਵਾਨ ਵਿਅਕਤੀ ਨੂੰ ਹੀ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਕਿਉਂਕਿ ਆਪਣੇ ਪਰਮ ਸਰੋਤ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਆਤਮਾ ਦੀ ਜਿਹੜੀ ਸਵਭਾਵਿਕ ਸੁਧਾ ਹੈ ਉਸਨੂੰ ਹੀ ਸ਼ਰਧਾ ਕਿਹਾ ਜਾਂਦਾ ਹੈ। ਜਦੋਂ ਕਿਸਮਤ ਦੇ ਕੁੱਝ ਪੁੰਨ ਸੰਸਕਾਰਾਂ ਕਾਰਨ ਇੱਕ ਸਧਾਰਨ ਵਿਅਕਤੀ ’ਚ ਸ਼ਰਧਾ ਜਾਗ੍ਰਿਤ ਹੁੰਦੀ ਹੈ ਤਾਂ ਉਹ ਇੱਕ ਐਸੀ ਯਾਤਰਾ ਉੱਤੇ ਨਿਕਲ ਪੈਂਦਾ ਹੈ ਜਿੱਥੇ ਉਹ ਆਪਣੀ ਵਾਸਤਵਿਕ ਹੋਂਦ ਦੀ ਖੋਜ ਕਰਦਾ ਹੈ। ਇੱਕ ਸ਼ਰਧਾਵਾਨ ਵਿਅਕਤੀ ਨਿਸ਼ਚਤ ਤੌਰ ’ਤੇ ਸੱਚ ਦੀ ਖੋਜ ਵਿੱਚ ਨਿਕਲਦਾ ਹੈ ਅਤੇ ਇਹ ਖੋਜ ਉਸਨੂੰ ਉਸ ਸਥਾਨ ’ਤੇ ਲੈ ਜਾਂਦੀ ਹੈ ਜਿੱਥੋਂ ਸੱਚ ਦਾ ਮਾਰਗ ਸ਼ੁਰੂ ਹੁੰਦਾ ਹੈ। ਸਾਧਵੀ ਨੇ ਕਿਹਾ ਕਿ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਜੀਵਨ ਦੇ ਹਾਲਾਤਾਂ ਬਾਰੇ ਬੇਫਿਕਰ ਰਹਿੰਦਾ ਹੈ, ਇੱਕ ਵਿਅਕਤੀ ਸਿਰ 'ਤੇ ਛੱਤ ਹੋਣ ਕਾਰਨ ਬਾਹਰੀ ਤੂਫਾਨਾਂ ਦੀ ਚਿੰਤਾ ਨਹੀਂ ਕਰਦਾ। ਪ੍ਰਭੂ ਦੇ ਵਿਸ਼ੇਸ਼ ਭਗਤ ਮੀਰਾਬਾਈ, ਸੰਤ ਨਾਮਦੇਵ ਜੀ, ਸ਼ਬਰੀ, ਕੇਵਟ, ਸੁਦਾਮਾ ਨੇ ਪ੍ਰਭੂ ਨੂੰ ਆਪਣੇ ਭਾਵ ਨਾਲ ਹੀ ਪ੍ਰਸੰਨ ਕੀਤਾ ਸੀ। ਇਹ ਭਾਵ ਅਤੇ ਵਿਸ਼ਵਾਸ ਉਦੋਂ ਹੀ ਪੈਦਾ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਦੀ ਭਗਤੀ ਅੰਦਰੋਂ ਉਸ ਨਾਲ ਜੁੜ ਕੇ ਕਰਦੇ ਹਾਂ ਅਤੇ ਇੱਕ ਪੂਰਨ ਗੁਰੂ ਤੋਂ ਬ੍ਰਹਮਗਿਆਨ ਪ੍ਰਾਪਤ ਕਰਨ ਤੋਂ ਬਾਅਦ ਹੀ ਅਸੀਂ ਅੰਦਰੋਂ ਪ੍ਰਭੂ ਨਾਲ ਜੁੜ ਸਕਦੇ ਹਾਂ। ਇਸ ਮੌਕੇ ਸਾਧਵੀ ਕੁਲਦੀਪ ਭਾਰਤੀ ਅਤੇ ਸਾਧਵੀ ਮਨੂ ਭਾਰਤੀ ਨੇ ਸੁਰੀਲੇ ਭਜਨ ਗਾਏ। ਪ੍ਰੋਗਰਾਮ ਦੀ ਸਮਾਪਤੀ ਵਿਸ਼ਵ ਦੀ ਭਲਾਈ ਲਈ ਸਮੂਹਿਕ ਧਿਆਨ ਨਾਲ ਹੋਈ।