ਕੰਮ ਦੀ ਖੁਸ਼ੀ ਦੇ ਸੰਕਲਪ ਨੂੰ ਸਦੀਵੀ ਬਣਾਉਣ ਦੇ ਨੁਕਤੇ ਦੱਸੇ, ਉਤਪਾਦਕਤਾ, ਰਚਨਾਤਮਕਤਾ ਤੇ ਕਾਰਜ ਸਥਾਨ ਦੀ ਤੰਦਰੁਸਤੀ ਨੂੰ ਵਧਾਉਣ ਵਿੱਚ ਖੁਸ਼ੀ ਦੀ ਮਹੱਤਵਪੂਰਨ ਭੂਮਿਕਾ ਨੂੰ ਕੀਤਾ ਉਜਾਗਰ
ਕੰਮ ਦੀ ਖੁਸ਼ੀ ਦੇ ਸੰਕਲਪ ਨੂੰ ਸਦੀਵੀ ਬਣਾਉਣ ਦੇ ਨੁਕਤੇ ਦੱਸੇ
Publish Date: Sat, 25 Apr 2026 06:27 PM (IST)
Updated Date: Sat, 25 Apr 2026 06:31 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ‘ਕੰਮ ਮੌਕੇ ਖੁਸ਼ੀ’ ਵਿਸ਼ੇ ਤੇ ਉਤਪਾਦਕਤਾ, ਰਚਨਾਤਮਕਤਾ ਅਤੇ ਕਾਰਜ ਸਥਾਨ ਦੀ ਤੰਦਰੁਸਤੀ ਨੂੰ ਵਧਾਉਣ ਵਿਚ ਖੁਸ਼ੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਇਕ ਸਕਾਰਾਤਮਕ ਕਾਰਜ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਇਕ ਬਹੁਤ ਹੀ ਦਿਲਚਸਪ ਸੈਸ਼ਨ ਕਰਵਾਇਆ ਗਿਆ। ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਅਤੇ ਨਿਰਦੇਸ਼ਕ, ਵੈਟਰਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਵਿਚ ਆਪਣੀ ਕਿਸਮ ਦੀ ਪਹਿਲਾ ਉਪਰਾਲਾ ਹੈ ਜੋ ਵਿਸ਼ੇਸ਼ ਤੌਰ ਤੇ ਕੰਮ ਸੰਬੰਧੀ ਖੁਸ਼ੀ ਤੇ ਕੇਂਦ੍ਰਿਤ ਸੀ । ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਸਟਾਫ ਨੇ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ। ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਖੁਸ਼ੀ ਦਾ ਅਰਥ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵੱਖ ਹੁੰਦਾ ਹੈ ਪਰ ਇਹ ਟਿਕਾਊ, ਉਦੇਸ਼ਪੂਰਨ ਅਤੇ ਡੂੰਘਾਈ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਥੋੜ੍ਹ ਚਿਰਾ। ਮੁੱਖ ਸੈਸ਼ਨ ਦੇ ਬੁਲਾਰੇ ਡਾ. ਅਰੁਣ ਭਾਰਦਵਾਜ, ਚੀਫ਼ ਹੈਪੀਨੈੱਸ ਇੰਜੀਨੀਅਰ ਅਤੇ ਐਕਸੀਲੈਂਸ ਮੈਂਟਰ ਸਨ, ਜਿਨ੍ਹਾਂ ਨੇ ਇਕ ਅਨੁਭਵੀ ਅਤੇ ਬਹੁਤ ਹੀ ਕਿਰਿਆਸ਼ੀਲ ਸੈਸ਼ਨ ਕੀਤਾ। ਦਿਲਚਸਪ ਗਤੀਵਿਧੀਆਂ ਅਤੇ ਅਸਲ-ਜੀਵਨ ਅਨੁਭਵਾਂ ਰਾਹੀਂ, ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਕੰਮ ਦੀ ਖੁਸ਼ੀ ਦੇ ਸੰਕਲਪ ਨੂੰ ਸਦੀਵੀ ਬਣਾਉਣ ਦੇ ਨੁਕਤੇ ਦੱਸੇ। ਪ੍ਰਤੀਭਾਗੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਸੈਸ਼ਨ ਜੀਵੰਤ ਅਤੇ ਪ੍ਰਭਾਵਸ਼ਾਲੀ ਬਣ ਗਿਆ। ਉਨ੍ਹਾਂ ਨੇ ਦੱਸਿਆ ਕਿ ਕੰਮ ਦੀ ਖੁਸ਼ੀ ਰੁਝੇਵਿਆਂ ਨੂੰ ਬਿਹਤਰ ਬਣਾਉਂਦੀ ਹੈ, ਤਣਾਅ ਘਟਾਉਂਦੀ ਹੈ, ਟੀਮ ਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸੰਗਠਨਾਤਮਕ ਉੱਤਮਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਵੀਸੀ ਨੇ ਇਸ ਨਵੀਨਕਾਰੀ ਪਹਿਲਕਦਮੀ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਅਕਾਦਮਿਕ ਵਾਤਾਵਰਨ ਪ੍ਰਣਾਲੀ ਦੇ ਅੰਦਰ ਭਾਵਨਾਤਮਕ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਯਤਨਾਂ ਨੂੰ ਸਰਾਹਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਇਕ ਸਕਾਰਾਤਮਕ ਸੰਸਥਾਗਤ ਸੱਭਿਆਚਾਰ ਦੀ ਬਿਹਤਰੀ ਲਈ ਜ਼ਰੂਰੀ ਹਨ। ਸੈਸ਼ਨ ਦਾ ਸਮਾਪਨ ਡਾ. ਵਰਿੰਦਰ ਉੱਪਲ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਵੱਲੋਂ ਰਸਮੀ ਧੰਨਵਾਦ ਦੇ ਨਾਲ ਹੋਇਆ, ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਬੁਲਾਰਿਆਂ, ਪ੍ਰਬੰਧਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।