ਰਾਹਗੀਰਾਂ ਨੂੰ ਲੁੱਟਣ ਵਾਲਾ ਤਿੰਨ ਮੈਂਬਰੀ ਗਿਰੋਹ ਗ੍ਰਿਫਤਾਰ
ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਰਾਹਗੀਰਾਂ ਨੂੰ ਲੁੱਟਣ ਵਾਲਾ ਤਿੰਨ ਮੈਂਬਰੀ ਗਿਰੋਹ ਗ੍ਰਿਫਤਾਰ
Publish Date: Thu, 16 Apr 2026 06:04 PM (IST)
Updated Date: Thu, 16 Apr 2026 06:06 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਦਰ ਦੀ ਪੁਲਿਸ ਨੇ ਇਕ ਅਜਿਹੇ ਤਿੰਨ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਨੂੰ ਲੁੱਟਦੇ ਸਨ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫੁੱਲਾਂਵਾਲ ਦੇ ਵਾਸੀ ਸਚਿਨ, ਰਾਕੇਸ਼ ਕੁਮਾਰ ਅਤੇ ਪਿੰਡ ਦੋਲੋਂ ਦੇ ਵਾਸੀ ਪ੍ਰਗਟ ਸਿੰਘ ਵਜੋਂ ਹੋਈ ਹੈ। ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ, ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਪੂਰਾ ਗਿਰੋਹ ਰਾਤ ਵੇਲੇ ਸੜਕਾਂ ’ਤੇ ਉੱਤਰ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਪੁਲਿਸ ਦੇ ਮੁਤਾਬਿਕ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦੇ ਸਨ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਸਰਕਾਰੀ ਮੈਰਿਜ ਪੈਲਸ ਧਾਂਦਰਾ ਵਿਖੇ ਨਾਕਾਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਦਾਤ ਬਰਾਮਦ ਕੀਤੇ ਹਨ। ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।