ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦੋ ਦੋਸਤਾਂ ਨਾਲ ਕੀਤੀ ਲੁੱਟ
ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦੋ ਦੋਸਤਾਂ ਨਾਲ ਕੀਤੀ ਲੁੱਟ
Publish Date: Thu, 05 Mar 2026 07:41 PM (IST)
Updated Date: Fri, 06 Mar 2026 04:12 AM (IST)

* ਸੜਕ ’ਤੇ ਘੇਰ ਕੇ ਮੋਬਾਈਲ ਫੋਨ ਅਤੇ ਮੋਟਰਸਾਈਕਲ ਲੁੱਟਿਆ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਰਾਇਲ ਸਿਟੀ ਕਾਲੋਨੀ ’ਚ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਸੜਕ ਤੋਂ ਲੰਘ ਰਹੇ ਦੋ ਦੋਸਤਾਂ ਨੂੰ ਲੁੱਟ ਲਿਆ। ਬਦਮਾਸ਼ਾਂ ਨੇ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਤੇ ਮੋਟਰਸਾਈਕਲ ਲੁੱਟਿਆ ਅਤੇ ਵਾਰਦਾਤ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਲੇਮ ਟਾਬਰੀ ਪੁਲਿਸ ਨੇ ਦਾਣਾ ਮੰਡੀ ਜਲੰਧਰ ਬਾਈਪਾਸ ਨੇੜੇ ਰਹਿਣ ਵਾਲੇ ਮੋਟਰਸਾਈਕਲ ਮਾਲਕ ਅੰਕੁਸ਼ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅੰਕੁਸ਼ ਕੁਮਾਰ ਮੁਤਾਬਕ ਵਾਰਦਾਤ ਵਾਲੇ ਦਿਨ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਉਹ ਆਪਣੇ ਦੋਸਤ ਅਮਨ ਕੁਮਾਰ ਨਾਲ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਇਲ ਸਿਟੀ ਕਾਲੋਨੀ ਤੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇਕ ਬਿਨ੍ਹਾਂ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਸੜਕ ’ਤੇ ਹੀ ਘੇਰ ਲਿਆ। ਪੀੜਤ ਤੇ ਉਸ ਦੇ ਦੋਸਤ ਨੂੰ ਮਾਰ ਦੇਣ ਦਾ ਡਰ ਵਿਖਾ ਕੇ ਬਦਮਾਸ਼ਾਂ ਨੇ ਦੋਨਾਂ ਦੀ ਜੇਬ ’ਚ ਪਏ ਮਹਿੰਗੇ ਮੋਬਾਈਲ ਫੋਨ ਖੋਹੇ ਤੇ ਜਾਣ ਲੱਗੇ ਉਨ੍ਹਾਂ ਦਾ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ। ਵਾਰਦਾਤ ਦਾ ਸ਼ਿਕਾਰ ਹੋਏ ਅੰਕੁਸ਼ ਕੁਮਾਰ ਨੇ ਵਾਰਦਾਤ ਸਬੰਧੀ ਥਾਣਾ ਸਲੇਮ ਟਾਬਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਮਤਾਬਕ ਵਾਰਦਾਤ ਸਬੰਧੀ ਪਰਚਾ ਦਰਜ ਕਰਕੇ ਘਟਨਾ ਵਾਲੇ ਥਾਂ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲਈ ਗਈ ਹੈ। ਆਸ ਹੈ ਜਲਦੀ ਹੀ ਮੁਲਜ਼ਮਾਂ ਦੀ ਸ਼ਿਨਾਖਤ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।