ਸਕੂਟਰ ’ਚ ਰੱਖੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੇ ਤਿੰਨ ਮੋਬਾਈਲ ਚੋਰੀ
ਸਕੂਟਰ ਵਿੱਚ ਰੱਖੇ ਗਿਆਰਵੀਂ ਦੇ ਵਿਦਿਆਰਥੀਆਂ ਦੇ ਤਿੰਨ ਮੋਬਾਈਲ ਫੋਨ ਚੋਰੀ
Publish Date: Fri, 20 Mar 2026 07:26 PM (IST)
Updated Date: Fri, 20 Mar 2026 07:28 PM (IST)

- ਸ਼ਾਤਰ ਚੋਰਾਂ ਨੇ ਚਿੱਟੇ ਦਿਨ ਸਕੂਲ ਦੇ ਬਾਹਰ ਦਿੱਤਾ ਵਾਰਦਾਤ ਨੂੰ ਅੰਜਾਮ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਕੂਲ ਦੇ ਬਿਲਕੁਲ ਬਾਹਰ ਖੜ੍ਹੇ ਸਕੂਟਰ ਦੀ ਡਿੱਕੀ ਤੋੜ ਕੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੇ ਤਿੰਨ ਮੋਬਾਈਲ ਫੋਨ ਚੋਰੀ ਕਰ ਲਏ ਗਏ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਸਤਿਗੁਰੂ ਨਗਰ ਵਾਸੀ ਲਕਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲਕਸ਼ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋ ਸਹਿਪਾਠੀਆਂ ਨਾਲ ਸਕੂਲ ਆਇਆ ਸੀ। ਤਿੰਨਾਂ ਨੇ ਆਪੋ-ਆਪਣੇ ਮੋਬਾਈਲ ਫੋਨ ਲਕਸ਼ ਦੀ ਸਕੂਟਰ ਦੀ ਡਿੱਕੀ ਵਿੱਚ ਰੱਖ ਕੇ ਡਿੱਕੀ ਲੋਕ ਕਰ ਦਿੱਤੀ। ਸਕੂਲ ਖਤਮ ਹੋਣ ਤੋਂ ਬਾਅਦ ਜਦ ਤਿੰਨੋਂ ਵਾਪਸ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸਕੂਟਰ ਦੀ ਡਿੱਕੀ ਟੁੱਟੀ ਹੋਈ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਡਿੱਕੀ ਵਿੱਚ ਪਏ ਤਿੰਨੋ ਮੋਬਾਈਲ ਫੋਨ ਚੋਰੀ ਹੋ ਚੁੱਕੇ ਸਨ। ਸ਼ਾਤਰ ਚੋਰਾਂ ਨੇ ਭੀੜਭਾੜ ਵਾਲੇ ਇਲਾਕੇ ਕੁਆਲਿਟੀ ਚੌਕ ਵਿੱਚ ਪੈਂਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਬਾਹਰ ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲਕਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।