ਨੌਜਵਾਨ ਨੂੰ ਘੇਰ ਕੇ 3 ਬਦਮਾਸ਼ਾਂ ਨੇ ਕੀਤੀ ਲੁੱਟ, 2 ਗ੍ਰਿਫਤਾਰ
ਨੌਜਵਾਨ ਨੂੰ ਘੇਰ ਕੇ ਤਿੰਨ ਬਦਮਾਸ਼ਾਂ ਨੇ ਕੀਤੀ ਲੁੱਟ, ਦੋ ਗ੍ਰਿਫਤਾਰ
Publish Date: Sat, 21 Mar 2026 08:50 PM (IST)
Updated Date: Sun, 22 Mar 2026 04:17 AM (IST)

ਖੋਹ ਕੀਤਾ ਗਿਆ ਮੋਬਾਈਲ ਬਰਾਮਦ, ਤੀਜੇ ਦੀ ਭਾਲ ਜਾਰੀ ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਟਿੱਬਾ ਰੋਡ ਦੇ ਨਜ਼ਦੀਕ ਗੀਤਾ ਨਗਰ ਮੁਹੱਲੇ ਦੀ ਸੜਕ ਤੋਂ ਲੰਘ ਰਹੇ ਨੌਜਵਾਨ ਨੂੰ ਤਿੰਨ ਬਦਮਾਸ਼ਾਂ ਨੇ ਘੇਰ ਕੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਬਦਮਾਸ਼ ਤੇਜਧਾਰ ਹਥਿਆਰ ਦੇ ਜ਼ੋਰ ਤੇ ਮਾਰ ਦੇਣ ਦਾ ਡਰ ਦਿਖਾਉਂਦੇ ਹੋਏ ਨੌਜਵਾਨ ਕੋਲੋਂ ਕਰੀਬ 2000 ਰੁਪਏ ਨਕਦੀ ਅਤੇ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਲੁੱਟ ਦਾ ਸ਼ਿਕਾਰ ਹੋਏ ਗੀਤਾ ਨਗਰ ਵਾਸੀ ਨੌਜਵਾਨ ਸੰਜੀਤ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਬਦਮਾਸ਼ਾਂ ਦੀ ਸ਼ਨਾਖਤ ਮਲਕੀਤ ਸਿੰਘ ਵਾਸੀ ਮੁਹੱਲਾ ਸੱਤ ਕਰਤਾਰ ਨਗਰ, ਜਸਪ੍ਰੀਤ ਸਿੰਘ ਵਾਸੀ ਮੁਹੱਲਾ ਰਾਮ ਨਗਰ ਅਤੇ ਅਨਮੋਲ ਵਾਸੀ ਸੱਤ ਕਰਤਾਰ ਨਗਰ ਦੇ ਰੂਪ ਵਿੱਚ ਕੀਤੀ। ਸੰਜੀਤ ਕੁਮਾਰ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਵੱਲ ਆ ਰਿਹਾ ਸੀ। ਆਪਣੇ ਘਰ ਦੇ ਨਜ਼ਦੀਕ ਗੀਤਾ ਨਗਰ ਗਲੀ ਨੰਬਰ 2 ਦੀ ਦੁਕਾਨ ਤੋਂ ਦੁੱਧ ਲੈ ਕੇ ਕਮਰੇ ਵੱਲ ਨੂੰ ਨਿਕਲਿਆ ਤਾਂ ਪਿੱਛੋਂ ਆ ਰਹੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਸੜਕ ’ਤੇ ਰੋਕ ਲਿਆ। ਮੁਦੱਈ ਨੂੰ ਘੇਰ ਕੇ ਬਦਮਾਸ਼ਾਂ ਨੇ ਆਪਣੇ ਨਾਲ ਲਿਆਂਦੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਧਮਕੀ ਦਿੱਤੀ ਤੇ ਉਸ ਦੀ ਜੇਬ ਵਿੱਚ ਪਈ 2000 ਰੁਪਏ ਨਕਦੀ ਤੇ ਮੋਬਾਈਲ ਫੋਨ ਖੋਹ ਲਿਆ। ਵਾਰਦਾਤ ਅੰਜਾਮ ਦੇਣ ਮਗਰੋਂ ਤਿੰਨੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਅਤੇ ਉਸ ਨੇ ਥਾਣਾ ਟਿੱਬਾ ਪੁਲਿਸ ਕੋਲ ਵਾਰਦਾਤ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜੀਵਨ ਸਿੰਘ ਮੁਤਾਬਕ ਮੁਦੱਈ ਵੱਲੋਂ ਦਿੱਤੇ ਸੁਰਾਗਾਂ ਦੇ ਆਧਾਰ ’ਤੇ ਪੜਤਾਲ ਦੌਰਾਨ ਤਿੰਨਾਂ ਮੁਲਜ਼ਮਾਂ ਦੀ ਸ਼ਨਾਖਤ ਕਰ ਕੇ ਮੁਲਜ਼ਮ ਮੁਲਕੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਅਨਮੋਲ ਅਜੇ ਫਰਾਰ ਹੈ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਖੋਹ ਕੀਤਾ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੂੰ ਆਸ ਹੈ ਕਿ ਵਧੇਰੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਪਹਿਲਾਂ ਅੰਜਾਮ ਦਿੱਤੀਆਂ ਚੋਰੀਆਂ ਸਬੰਧੀ ਅਹਿਮ ਸੁਰਾਗ ਹੱਥ ਲੱਗਣਗੇ।