ਤਿੰਨ ਨਾਬਾਲਿਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਅਗਵਾ
ਤਿੰਨ ਨਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਅਗਵਾ
Publish Date: Fri, 06 Mar 2026 07:41 PM (IST)
Updated Date: Fri, 06 Mar 2026 07:45 PM (IST)

- ਤਿੰਨ ਲੜਕਿਆਂ ਖ਼ਿਲਾਫ਼ ਮੁਕੱਦਮਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਅਜਿਹੇ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਜਿਨ੍ਹਾਂ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਨਾਬਾਲਿਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਇਆ ਹੈ। ਪਹਿਲੇ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਇੱਕ ਗਲੀ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦੀ 15 ਸਾਲ ਦੀ ਬੇਟੀ ਪੜ੍ਹਦੀ ਹੈ। ਬੀਤੇ ਦਿਨ ਸ਼ਾਮ 4 ਵਜੇ ਦੇ ਕਰੀਬ ਲੜਕੀ ਪਾਰਕ ਵਿੱਚ ਬੈਠੀ ਸੀ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ। ਲੜਕੀ ਦੇ ਪਿਤਾ ਨੇ ਸ਼ੱਕ ਜਾਹਿਰ ਕੀਤਾ ਕਿ ਅਮਰਪੁਰਾ ਇਲਾਕੇ ਦਾ ਰਹਿਣ ਵਾਲਾ ਇੱਕ ਲੜਕਾ ਉਸ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਿਸ ਨੇ ਵੱਖ-ਵੱਖ ਇਲਾਕਿਆਂ ’ਚੋਂ ਗੁੰਮ ਹੋਈਆਂ ਦੋ ਨਾਬਾਲਿਗ ਲੜਕੀਆਂ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਰੀਕੇ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ 17 ਸਾਲ ਨੌਂ ਮਹੀਨਿਆਂ ਦੀ ਬੇਟੀ 26 ਫਰਵਰੀ ਨੂੰ ਘਰ ਤੋਂ ਕੰਮ ’ਤੇ ਗਈ ਸੀ। ਲੜਕੀ ਜਦੋਂ ਘਰ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਕਈ ਦਿਨਾਂ ਤਕ ਲੜਕੀ ਦੀ ਭਾਲ ਕਰਨ ਦੇ ਬਾਵਜੂਦ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਗਾਜ਼ੀਆਬਾਦ ਦੇ ਸਾਹਿਬਾਬਾਦ ਇਲਾਕੇ ਦਾ ਰਹਿਣ ਵਾਲਾ ਇੱਕ ਲੜਕਾ ਉਨ੍ਹਾਂ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ ਹੈ। ਇਸੇ ਤਰ੍ਹਾਂ ਧਾਂਦਰਾ ਰੋਡ ਦੀ ਇੱਕ ਕਾਲੋਨੀ ਦੇ ਰਹਿਣ ਵਾਲੇ ਵਿਅਕਤੀ ਨੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ 27 ਫਰਵਰੀ ਨੂੰ ਉਸ ਦੀ 17 ਸਾਲ ਤਿੰਨ ਮਹੀਨਿਆਂ ਦੀ ਬੇਟੀ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਈ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਲੜਕੀ ਨੂੰ ਪਟੇਲ ਨਗਰ ਦਿੱਲੀ ਦਾ ਰਹਿਣ ਵਾਲਾ ਇੱਕ ਲੜਕਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਥਾਣਾ ਸਦਰ ਅਤੇ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।